ਚੋਣ ਪ੍ਰਚਾਰ ਦੌਰਾਨ ਮਮਤਾ ਬੈਨਰਜੀ ਲਈ ਮੋਦੀ ਵਲੋਂ ਇਸਤੇਮਾਲ ਕੀਤੀ ਗਈ ਭਾਸ਼ਾ ਸਮੁੱਚੀ ਮਹਿਲਾ ਜਾਤੀ ਦਾ ਅਪਮਾਨ- ਬਾਵਾ
ਲੁਧਿਆਣਾ 19 ਅਪਰੈਲ (ਰਾਜਕੁਮਾਰ ਸ਼ਰਮਾ)-ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜ ਸੂਬਿਆਂ ਅੰਦਰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਵਿਸ਼ੇਸ਼ ਕਰਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖ਼ਿਲਾਫ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸਤੇਮਾਲ ਕੀਤੀ ਜਾ ਰਹੀ ਸ਼ਬਦਾਵਲੀ ਨਾਲ ਸਮੁੱਚੀ ਇਸਤਰੀ ਜਾਤੀ ਦਾ ਅਪਮਾਨ ਹੋਇਆ ਹੈ । ਬਾਵਾ ਨੇ ਕਿਹਾ ਕਿ ਵੋਟਾਂ ਦੀ ਖਾਤਰ ਦੇਸ਼ ਦੇ ਸਰਬਉੱਚ ਰਾਜਸੀ ਪਦ ਦੀ ਮਰਿਆਦਾ ਨੂੰ ਭੁੱਲ ਕੇ ਦੀਦੀ ਬੇਗਮ ਸ਼ਬਦ ਦਾ ਇਸਤੇਮਾਲ ਕਰਨ ਦੇ ਨਾਲ ਹੀ ਹੇਠਲੇ ਪੱਧਰ ਦੀ ਸ਼ਬਦਾਵਲੀ ਦਾ ਪ੍ਰਯੋਗ ਭਾਰਤ ਦੇ ਲੋਕਤੰਤਰ ਦਾ ਅਪਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜਿੱਤਣ ਲਈ ਹਰ ਤਰ੍ਹਾਂ ਦੀ ਹਲਕੀਆਂ ਹਰਕਤਾਂ ਸ੍ਰੀ ਮੋਦੀ ਨੂੰ ਸ਼ੋਭਾ ਨਹੀਂ ਦਿੰਦੀਆਂ। ਬਾਵਾ ਨੇ ਕਿਹਾ ਭਾਰਤ ਦਾ ਲੋਕਤੰਤਰ ਦੁਨੀਆਂ ਭਰ ਅੰਦਰ ਜਾਣਿਆ ਜਾਂਦਾ ਹੈ ਪ੍ਰੰਤੂ ਕੁਝ ਸਾਲਾਂ ਤੋਂ ਦੇਸ਼ ਦੇ ਉੱਚ ਪਦਵੀਆਂ ਤੇ ਬੈਠੇ ਰਾਜਸੀ ਆਗੂਆਂ ਵੱਲੋਂ ਇਸ ਨੂੰ ਕਲੰਕਤ ਕਰਨ ਦੀ ਕਾਰਵਾਈ ਮਹਾਨ ਦੇਸ਼ ਭਗਤ ਸੁਤੰਤਰਤਾ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਵੀ ਦਾਗ਼ੀ ਕਰ ਰਹੀ ਹੈ ।