ਚੋਣ ਕਮੀਸ਼ਨ ਵੱਲੋਂ ਰਾਜਸ਼ਟਰਪਤੀ ਦੀ ਚੋਣ ਲਈ ਤਰੀਕਾਂ ਦਾ ਐਲਾਨ ਅੱਜ ਦੁਪਹਿਰ 3 ਵਜੇ
ਪੜ੍ਹੋ ਭਾਰਤ ਵਿੱਚ ਕਿਵੇਂ ਹੁੰਦੀ ਹੈ ਰਾਸ਼ਟਰਪਤੀ ਦੀ ਚੋਣ
ਚੰਡੀਗੜ੍ਹ,9 ਜੂਨ(ਵਿਸ਼ਵ ਵਾਰਤਾ)- ਭਾਰਤੀ ਚੋਣ ਕਮੀਸ਼ਨ ਵੱਲੋਂ ਅੱਜ ਦੁਪਹਿਰ 3 ਵਜੇ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਮੌਜੂਦਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਕਾਰਜਕਾਲ ਅਗਲੇ ਮਹੀਨੇ 24 ਜੁਲਾਈ ਨੂੰ ਖਤਮ ਹੋਣ ਜਾ ਰਿਹਾ ਹੈ ਅਤੇ ਸੰਵਿਧਾਨ ਦੇ ਆਰਟੀਕਲ 62 ਦੇ ਅਨੁਸਾਰ, ਮੌਜੂਦਾ ਰਾਸ਼ਟਰਪਤੀ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਅਗਲੇ ਰਾਸ਼ਟਰਪਤੀ ਲਈ ਚੋਣ ਹੋਣੀ ਲਾਜ਼ਮੀ ਹੈ। ਦੱਸ ਦਈਏ ਕਿ 2017 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ 17 ਜੁਲਾਈ ਨੂੰ ਹੋਈਆਂ ਸਨ, ਜਦੋਂ ਕਿ ਜੇਤੂ ਦਾ ਐਲਾਨ ਤਿੰਨ ਦਿਨ ਬਾਅਦ 20 ਜੁਲਾਈ ਨੂੰ ਕੀਤਾ ਗਿਆ ਸੀ।
ਇਹ ਵੀ ਦੱਸ ਦਈਏ ਕਿ ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ ਜਿਸ ਵਿੱਚ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੇ ਚੁਣੇ ਗਏ ਮੈਂਬਰ ਸ਼ਾਮਲ ਹੁੰਦੇ ਹਨ । ਰਾਸ਼ਟਰਪਤੀ ਚੋਣਾਂ ਲਈ ਇਲੈਕਟੋਰਲ ਕਾਲਜ ਵਿੱਚ ਲੋਕ ਸਭਾ ਦੇ 543 ਅਤੇ ਰਾਜ ਸਭਾ ਦੇ 233 ਐਮਪੀਜ਼ ਸਮੇਤ ਕੁੱਲ੍ਹ ਦੇ 776 ਸੰਸਦ ਮੈਂਬਰਾਂ ਦੇ ਨਾਲ-ਨਾਲ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਵਿਧਾਇਕ ਸ਼ਾਮਲ ਹੁੰਦੇ ਹਨ। ਕੁੱਲ ਵੋਟਾਂ ਉਹਨਾਂ ਦੇ ਮੁੱਲ ਦੇ ਆਧਾਰ ‘ਤੇ ਗਿਣੀਆਂ ਜਾਂਦੀਆਂ ਹਨ, ਜੋ ਕਿ ਰਾਜ ਤੋਂ ਰਾਜ ਵਿੱਚ ਵੱਖ-ਵੱਖ ਹੁੰਦੀਆਂ ਹਨ।























