ਅਧਿਕਾਰੀਆਂ ਨੂੰ ਮੁਹੱਲਿਆਂ ਵਿਚ ਟੈਂਕਾਂ ਰਾਹੀਂ ਪੀਣ ਵਾਲਾ ਪਾਣੀ ਦੇਣ ਦੀ ਹਦਾਇਤ
ਬੁਢਲਾਡਾ (ਮਾਨਸਾ), 7 ਅਗਸਤ (ਵਿਸ਼ਵ ਵਾਰਤਾ)- ਬੁਢਲਾਡਾ ਦੇ ਲੋਕਾਂ ਵੱਲੋਂ ਸ਼ਹਿਰ ਦੀ ਤਰਸਯੋਗ ਹਾਲਤ ਦੇ ਸੁਧਾਰ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਅੱਜ ਉਸ ਸਮੇਂ ਬੂਰ ਪੈਣਾ ਸ਼ੁਰੂ ਹੋ ਗਿਆ, ਜਦੋਂ ਮੁੱਖ ਮੰਤਰੀ ਪੰਜਾਬ ਵੱਲੋਂ ਭੇਜੇ ਗਏ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਪੰਜਾਬ ਦੇ ਚੀਫ ਇੰਜਨੀਅਰ ਅਵਤਾਰ ਸਿੰਘ ਕਲਸੀ ਨੇ ਲਗਾਤਾਰ ਦੂਸਰੇ ਦਿਨ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿੱਚ ਜਾਕੇ ਲੋਕਾਂ ਦੀਆਂ ਤਕਲੀਫਾਂ ਨੂੰ ਸੁਣਿਆ। ਉਨ੍ਹਾਂ ਅਧਿਕਾਰੀਆਂ ਦੀ ਲਾਹ—ਪਾਹ ਕਰਦਿਆਂ ਲੋਕਹਿੱਤਾਂ ਨੂੰ ਪਹਿਲ ਦੇਣ ਦੀ ਹਦਾਇਤ ਕੀਤੀ। ਬੁਢਲਾਡਾ ਤੋਂ ‘ਆਪ* ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਉਚ ਅਧਿਕਾਰੀ ਦੇ ਨਾਲ ਮੁਹੱਲਿਆਂ ਵਿਚ ਗਏ।
ਸ਼ਹਿਰ ਦੇ ਕਈ ਖੇਤਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਫੌਰੀ ਰਾਹਤ ਦਿੰਦਿਆਂ ਉਨ੍ਹਾਂ ਹਦਾਇਤ ਕੀਤੀ ਕਿ ਸਵੇਰੇ 6 ਵਜੇ ਤੋਂ ਲੈਕੇ 8 ਵਜੇ ਤੱਕ ਮੁਹੱਲਿਆਂ ਵਿੱਚ ਪੀਣ ਵਾਲਾ ਪਾਣੀ ਹੁਣ ਵਾਟਰ ਟੈਂਕਾਂ ਰਾਹੀਂ ਸਪਲਾਈ ਕੀਤਾ ਜਾਵੇ। ਉਨ੍ਹਾਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਮਿਕਸ ਸੀਵਰੇਜ ਦੇ ਪਾਣੀ ਦੀ ਸਮੱਸਿਆ ਨੂੰ ਵੀ ਹੱਲ ਕਰਦਿਆਂ ਨਾਲੀਆਂ ਅੰਦਰੋਂ ਲੰਘਦੀਆਂ ਪੀਣ ਵਾਲੇ ਪਾਣੀ ਦੀਆਂ ਪਾਇਪਾਂ ਵਾਲੇ ਕੂਨੈਕਸ਼ਨਾਂ ਨੂੰ ਤੁਰੰਤ ਕੱਟਣ ਦੇ ਹੁਕਮ ਦਿੱਤੇ ਗਏ ਹਨ।
ਚੀਫ ਇੰਜਨੀਅਰ ਨੇ ਸ਼ਹਿਰ ਅੰਦਰ ਚੱਲ ਰਹੀਆਂ ਇੱਕ ਦਰਜਨ ਪਸ਼ੂ ਡੇਅਰੀਆਂ ਦਾ ਮਲ—ਮੂਤਰ ਸੀਵਰੇਜ ਵਿੱਚ ਪਾਉਣ ਤੋਂ ਮਨਾਹੀ ਕਰਦਿਆਂ ਡੇਅਰੀ ਮਾਲਕਾਂ ਨੂੰ ਤਾੜਨਾ ਕਰਦਿਆਂ ਨਗਰ ਕੌਂਸਲ ਨੂੰ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੀਵਰੇਜ ਦੀ ਸਫਾਈ ਅਤੇ ਸ਼ਿਲਟ ਕੱਢਣ ਲਈ 21 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਓਵਰ ਫਲੋਅ ਹੋਣ ਵਾਲਾ ਸੀਵਰੇਜ ਦੀ ਸਮੱਸਿਆ ਬੰਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਛੋਟੀ ਮੋਟੀ ਸਮੱਸਿਆ ਦੇ ਹੱਲ ਲਈ ਵਿਭਾਗ ਦੇ ਐਕਸੀਅਨ ਰੰਗਾ ਰਾਮ ਦੀ ਨਿਗਰਾਨ ਹੇਠ ਅਧਿਕਾਰੀਆਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।
ਵਿਭਾਗ ਦੇ ਐਕਸੀਅਨ ਰੰਗਾ ਰਾਮ ਨੇ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੇ ਕੂਨੈਕਸ਼ਨ 5592 ਅਤੇ ਸੀਵਰੇਜ ਦੇ 2037 ਕੂਨੈਕਸ਼ਨ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰ. 1 ਤੋਂ 6 ਤੱਕ ਸੀਵਰੇਜ ਦਾ ਕੰਮ ਚੱਲਣ ਕਾਰਨ ਉਥੇ ਕਿਸੇ ਨੂੰ ਕੋਈ ਕੂਨੈਕਸ਼ਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਤੋਂ ਸਾਲਾਨਾ 68 ਲੱਖ ਰੁਪਏ ਦੀ ਡਿਮਾਂਡ ਬਿੱਲਾਂ ਦੀ ਰਾਸ਼ੀ ਦਾ ਟੀਚਾ ਹੈ, ਪ੍ਰੰਤੂ ਵਿਭਾਗ ਨੂੰ ਬਿਲਾਂ ਤੋਂ ਕੇਵਲ 20 ਲੱਖ ਰੁਪਏ ਹੀ ਸਾਲਾਨਾ ਇਕੱਠੇ ਹੁੰਦੇ ਹਨ ਅਤੇ ਲੋਕਾਂ ਵੱਲ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਦਾ ਬਕਾਇਆ ਲਗਭਗ 3 ਕਰੋੜ 35 ਲੱਖ 28 ਹਜਾਰ ਰੁਪਏ ਹਨ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਬੁਢਲਾਡਾ ਦੇ ਰੇਵਲੇ ਸਟੇਸ਼ਨ ਪਾਰ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਚੀਡ ਇੰਜੀਨੀਅਰ ਅਵਤਾਰ ਸਿੰਘ ਕਲਸੀ ਅਤੇ ਵਿਧਾਇਕ ਬੁੱਧ ਰਾਮ।