ਚਿੱਟ ਫ਼ੰਡ ਕੰਪਨੀਆਂ ਦੀ ਜਾਇਦਾਦਾਂ ਵੇਚ ਕੇ ਲੋਕਾਂ ਦਾ ਪੈਸਾ ਵਾਪਸ ਦੇਵੇ ਸਰਕਾਰ-ਭਗਵੰਤ ਮਾਨ
‘ਆਪ’ ਸੰਸਦ ਨੇ ਪਾਰਲੀਮੈਂਟ ਚੁੱਕਿਆ ਪਰਲ ਤੇ ਕਰਾਉਨ ਕੰਪਨੀਆਂ ਦੀਆਂ ਠੱਗੀਆਂ ਦਾ ਮੁੱਦਾ
ਸਖ਼ਤ ਅਤੇ ਸਪਸ਼ਟ ਕਾਨੂੰਨ ਬਣਾਏ ਜਾਣ ‘ਤੇ ਦਿੱਤਾ ਜ਼ੋਰ
ਨਵੀਂ ਦਿੱਲੀ/ਚੰਡੀਗੜ੍ਹ 20 ਨਵੰਬਰ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਸੰਸਦ ‘ਚ ਪਰਲ ਅਤੇ ਕਰਾਉਨ ਵਰਗੀਆਂ ਚਿੱਟ ਫ਼ੰਡ ਕੰਪਨੀਆਂ ਵੱਲੋਂ ਕਰੋੜਾਂ ਲੋਕਾਂ ਨਾਲ ਅਰਬਾਂ ਰੁਪਏ ਦੀਆਂ ਠੱਗੀਆਂ ਮਾਰਨ ਦਾ ਮੁੱਦਾ ਉਠਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਚਿੱਟ ਫ਼ੰਡ ਕੰਪਨੀਆਂ ਦੀਆਂ ਸਾਰੀਆਂ ਨਾਮੀ-ਬੇਨਾਮੀ ਜਾਇਦਾਦਾਂ ਵੇਚ ਕੇ ਪੀੜਿਤ ਲੋਕਾਂ ਦਾ ਪੈਸਾ ਵਿਆਜ ਸਮੇਤ ਵਾਪਸ ਕਰੇ।
ਭਗਵੰਤ ਮਾਨ ਸੰਸਦ ‘ਚ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਲਿਆਂਦੇ ਗਏ ਬਿਲ ‘ਤੇ ਬੋਲ ਰਹੇ ਸਨ। ਉਨ੍ਹਾਂ ਇਸ ਬਿਲ ਦੀ ਹਮਾਇਤ ਕਰਦੇ ਹੋਏ ਇਸ ਨੂੰ ਸਪੱਸ਼ਟ ਅਤੇ ਸਖ਼ਤ ਬਣਾਉਣ ਦੀ ਮੰਗ ਰੱਖੀ। ਭਗਵੰਤ ਮਾਨ ਨੇ ਕਿਹਾ ਕਿ ਚਿੱਟ ਫ਼ੰਡ ਕੰਪਨੀਆਂ ਵਿਰੁੱਧ ਐਨਾ ਸਖ਼ਤ ਕਾਨੂੰਨ ਹੋਣਾ ਚਾਹੀਦਾ ਹੈ ਕਿ ਭਵਿੱਖ ਕੋਈ ਅਜਿਹੀਆਂ ਠੱਗੀਆਂ ਮਾਰਨ ਦੀ ਸੋਚ ਵੀ ਨਾ ਸਕੇ। ਮਾਨ ਨੇ ਅਮਰੀਕਾ ‘ਚ ਚਿੱਟ ਫ਼ੰਡ ਕੰਪਨੀ ਰਾਹੀਂ ਆਮ ਲੋਕਾਂ ਨਾਲ ਠੱਗੀ ਮਾਰਨ ਵਾਲੇ ਐਲਨ ਸਟੈਂਫਰਡ ਨਾਮ ਦੇ ਵਿਅਕਤੀ ਅਤੇ ਅਮਰੀਕਾ ਦੇ ਸਖ਼ਤ ਕਾਨੂੰਨ ਦੀ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਵਿਅਕਤੀ ਨੂੰ ਅਮਰੀਕਾ ਦੀ ਅਦਾਲਤ ਨੇ 180 ਸਾਲ ਦੀ ਸਖ਼ਤ ਸਜਾ ਦੇ ਕੇ ਅਜਿਹੇ ਅਨਸਰਾਂ ਨੂੰ ਸਖ਼ਤ ਸੰਦੇਸ਼ ਦਿੱਤਾ ਸੀ।
ਭਗਵੰਤ ਮਾਨ ਨੇ ਪਰਲ ਚਿੱਟ ਫ਼ੰਡ ਕੰਪਨੀ ਬਾਰੇ ਦੱਸਿਆ ਕਿ ਪੂਰੇ ਦੇਸ਼ ‘ਚ ਇਸ ਕੰਪਨੀ ਨੇ ਲਗਭਗ 5 ਕਰੋੜ ਲੋਕਾਂ ਨਾਲ ਠੱਗੀ ਮਾਰੀ ਅਤੇ ਪੰਜਾਬ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਸਮੇਤ ਆਸਟ੍ਰੇਲੀਆ ਦੇ ਗੋਲਡ ਕੋਸਟ ‘ਚ ਵੱਡੇ ਪੱਧਰ ‘ਤੇ ਨਾਮੀ-ਬੇਨਾਮੀ ਸੰਪਤੀਆਂ ਬਣਾਈਆਂ।
ਭਗਵੰਤ ਮਾਨ ਨੇ ਦੱਸਿਆ ਕਿ ਜਦੋਂ ਪਿਛਲੀ ਸਰਕਾਰ ਦੌਰਾਨ ਉਨ੍ਹਾਂ ਚਿੱਟ ਫ਼ੰਡ ਕੰਪਨੀਆਂ ਦਾ ਮੁੱਦਾ ਉਠਾਇਆ ਸੀ ਤਾਂ ਸਵਰਗੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਸਦ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਪਰਲ ਕੰਪਨੀ ਦਾ ਮਾਲਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਰੰਤੂ ਸਵਾਲ ਇਹ ਹੈ ਕਿ ਪਰਲ ਕੰਪਨੀ ਦੇ ਮਾਲਕ ਦੀ ਇਕੱਲੀ ਗ੍ਰਿਫ਼ਤਾਰੀ ਨਾਲ ਪੀੜਿਤ ਪਰਿਵਾਰ ਨੂੰ ਰਾਹਤ ਨਹੀਂ ਮਿਲਣੀ ਉਸ ਦੀ ਸਾਰੀ ਜਾਇਦਾਦ ਵੇਚ ਕੇ ਲੋਕਾਂ ਦਾ ਪੈਸਾ ਵਿਆਜ ਸਮੇਤ ਵਾਪਸ ਕੀਤਾ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦਾ ਅੱਜ ਬੈਂਕਾਂ ਤੋਂ ਵੀ ਵਿਸ਼ਵਾਸ ਉੱਠ ਗਿਆ ਹੈ। ਭਵਿੱਖ ‘ਚ ਕੋਈ ਹੋਰ ਨੀਰਵ ਮੋਦੀ ਜਾਂ ਵਿਜੈ ਮਾਲੀਆ ਬੈਂਕਾਂ ਦਾ ਪੈਸਾ ਲੈ ਕੇ ਨਾ ਭੱਜ ਜਾਵੇ, ਇਸ ਲਈ ਲੋਕ ਸਰਕਾਰੀ ਬੈਂਕਾਂ ‘ਤੇ ਵੀ ਯਕੀਨ ਕਰਨ ਤੋਂ ਡਰਨ ਲੱਗੇ ਹਨ। ਭਗਵੰਤ ਮਾਨ ਨੇ ਚਿੱਟ ਫ਼ੰਡ ਕੰਪਨੀਆਂ ਬਾਰੇ ਕਾਨੂੰਨ ਨੂੰ ਵੱਧ ਤੋਂ ਵੱਧ ਸਖ਼ਤ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਪੂਰੀ ਤਰ੍ਹਾਂ ਸਪਸ਼ਟ ਹੋਵੇ ਕਿ ਪੀੜਿਤ ਲੋਕ ਕਿਸ ਅਫ਼ਸਰ ਕੋਲ ਜਾ ਕੇ ਸ਼ਿਕਾਇਤ ਕਰਨ।
ਭਗਵੰਤ ਮਾਨ ਨੇ ਕਿਹਾ ਕਿ ਐਨੇ ਵੱਡੇ-ਵੱਡੇ ਘੁਟਾਲੇ ਹੋ ਰਹੇ ਹਨ ਕਿ ਆਮ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਲੱਗਦਾ ਕਿ 76000 ਕਰੋੜ ‘ਚ ਜੀਰੋਆਂ (ਸਿਫ਼ਰਾਂ) ਕਿੰਨੀਆਂ ਲੱਗਦੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਅੰਗਰੇਜ਼ਾਂ ਨੇ 200 ਸਾਲਾਂ ‘ਚ ਦੇਸ਼ ਨੂੰ ਉਨ੍ਹਾਂ ਨਹੀਂ ਲੁੱਟਿਆ ਸੀ, ਜਿੰਨਾ ਆਜ਼ਾਦੀ ਤੋਂ 70 ਸਾਲਾਂ ਦੌਰਾਨ ਲੁੱਟ ਲਿਆ ਗਿਆ ਹੈ।
ਮਾਨ ਨੇ ਪਰਲ ਕੰਪਨੀ ਦੇ ਗ੍ਰਿਫ਼ਤਾਰ ਮਾਲਕ ਵੱਲੋਂ 5 ਤਾਰਾ ਹਸਪਤਾਲ ‘ਚ ਬਿਮਾਰੀ ਦਾ ਬਹਾਨਾ ਲਾ ਕੇ ਪੱਕੇ ਤੌਰ ‘ਤੇ ਲਈ ਪਨਾਹ ਦਾ ਮੁੱਦਾ ਵੀ ਚੁੱਕਿਆ।