ਚਹਿਰੇ ਜੋ ਬਿਨਾਂ ਚੋਣ ਲੜੇ ਹੀ ਬਣੇ ਮੋਦੀ ਸਰਕਾਰ ‘ਚ ਮੰਤਰੀ , ਪੜ੍ਹੋ ਕੌਣ ਹਨ ਇਹ ਧੁਰੰਧਰ
ਜੰਮੂ,10 ਜੂਨ (ਵਿਸ਼ਵ ਵਾਰਤਾ): ਇਤਿਹਾਸ ਰਚਦਿਆਂ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ । ਉਨ੍ਹਾਂ ਨਾਲ ਕੁੱਲ 71 ਮੰਤਰੀਆਂ ਨੇ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ 30 ਕੈਬਨਿਟ, 5 ਆਜ਼ਾਦ ਮੰਤਰੀ ਅਤੇ 36 ਰਾਜ ਮੰਤਰੀ ਸ਼ਾਮਲ ਹਨ। ਇਸ ਮੰਤਰੀ ਮੰਡਲ ਵਿੱਚ 11 ਅਜਿਹੇ ਚਿਹਰੇ ਹਨ, ਜਿਨ੍ਹਾਂ ਨੇ ਲੋਕ ਸਭਾ ਚੋਣ ਵੀ ਨਹੀਂ ਲੜੀ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਅਸ਼ਵਿਨੀ ਵੈਸ਼ਨਵ ਨੂੰ ਮੋਦੀ ਸਰਕਾਰ ‘ਚ ਫਿਰ ਤੋਂ ਜਗ੍ਹਾ ਦਿੱਤੀ ਗਈ ਹੈ। ਉਹ ਓਡੀਸ਼ਾ ਤੋਂ ਰਾਜ ਸਭਾ ਮੈਂਬਰ ਹਨ। ਪਿਛਲੀ ਮੋਦੀ ਸਰਕਾਰ ‘ਚ ਨਿਰਮਲਾ ਸੀਤਾਰਮਨ ਵਿੱਤ ਮੰਤਰੀ ਸਨ, ਇਸ ਵਾਰ ਵੀ ਉਨ੍ਹਾਂ ਨੂੰ ਮੰਤਰੀ ਮੰਡਲ ‘ਚ ਜਗ੍ਹਾ ਦਿੱਤੀ ਗਈ ਹੈ। ਉਹ ਕਰਨਾਟਕ ਤੋਂ ਰਾਜ ਸਭਾ ਦੀ ਮੈਂਬਰ ਹੈ। ਰਾਮਦਾਸ ਅਠਾਵਲੇ ਨੇ ਤੀਜੀ ਵਾਰ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉਹ ਮਹਾਰਾਸ਼ਟਰ ਤੋਂ ਰਾਜ ਸਭਾ ਦੇ ਮੈਂਬਰ ਹਨ। ਹਰਦੀਪ ਪੁਰੀ ਅਤੇ ਜੇਪੀ ਨੱਢਾ ਦੇ ਨਾਮ ਵੀ ਇਸ ਲਿਸਟ ਵਿਚ ਸ਼ਾਮਲ ਹਨ।
ਚੋਣਾਂ ਹਾਰਨ ਵਾਲੇ ਵੀ ਮੰਤਰੀ ਮੰਡਲ ਦਾ ਹਿੱਸਾ ਹਨ।
ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਮੋਦੀ ਸਰਕਾਰ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਐਲ ਮੁਰੂਗਨ ਨੂੰ ਵੀ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਗਈ ਹੈ। ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੇ ਮੈਂਬਰ ਹਨ। ਐਲ ਮੁਰੂਗਨ ਨੇ ਤਾਮਿਲਨਾਡੂ ਦੇ ਨੀਲਗਿਰੀਸ ਤੋਂ ਲੋਕ ਸਭਾ ਚੋਣ ਲੜੀ ਸੀ। ਉਹ ਚੋਣ ਵਿੱਚ ਡੀਐਮਕੇ ਦੇ ਏ ਰਾਜਾ ਤੋਂ ਹਾਰ ਗਏ ਸਨ।