
ਚੰਡੀਗੜ੍ਹ 3 ਅਪ੍ਰੈਲ ( ਵਿਸ਼ਵ ਵਾਰਤਾ )- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਜਨਮ ਭੂਮੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕੱਲ੍ਹ 4 ਅਪ੍ਰੈਲ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਪ੍ਰੈੱਸ ਕਾਨਫਰੰਸ ਸੱਦ ਲਈ ਹੈ । ਰਾਜਸੀ ਮਾਹਰਾਂ ਅਨੁਸਾਰ ਨਵਜੋਤ ਸਿੱਧੂ ਇਸ ਪ੍ਰੈੱਸ ਕਾਨਫਰੰਸ ਚ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਵਿਭਾਗ ਬਦਲਣ ਤੋਂ ਬਾਅਦ ਬਗ਼ਾਵਤ ਕਰਕੇ ਅਸਤੀਫ਼ਾ ਦੇਣ ਵਾਲੇ ਦਿਨ ਤੋਂ ਨਵਜੋਤ ਸਿੰਘ ਸਿੱਧੂ ਨੇ ਹੁਣ ਤਕ ਕੈਪਟਨ ਸਰਕਾਰ ਤੋਂ ਦੂਰੀ ਹੀ ਨਹੀਂ ਬਣਾਕੇ ਰੱਖੀ, ਸਗੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਚ ਹਿੱਸਾ ਵੀ ਨਹੀਂ ਲਿਆ । ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਕੋਸ਼ਿਸ਼ ਸਦਕਾ ਸਿਰਫ ਇਕਲੀ ਰਾਹੁਲ ਗਾਂਧੀ ਦੀ ਕਿਸਾਨ ਟਰੈਕਟਰ ਰੈਲੀ ਦੌਰਾਨ ਇਕ ਸਟੇਜ ਮੋਗਾ ਵਿਖੇ ਹੀ ਕਿਸਾਨਾਂ ਦੇ ਹੱਕ ਵਿੱਚ ਤਿੱਖਾ ਭਾਸ਼ਨ ਦੇਣ ਤੋਂ ਇਲਾਵਾ ਆਪਣੀ ਸਰਕਾਰ ਤੇ ਹੀ ਤੰਜ ਕੱਸੇ ਸਨ । ਇੱਥੋਂ ਤਕ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਰਾਜਾਂ ਦੀਆਂ ਚੋਣਾਂ ਲਈ ਸਟਾਰ ਪ੍ਰਚਾਰਕ ਵਾਲੀ ਸੂਚੀ ਚ ਸ਼ਾਮਲ ਕੀਤਾ ਗਿਆ ਸੀ ,ਪਰ ਨਵਜੋਤ ਸਿੰਘ ਸਿੱਧੂ ਪ੍ਰਚਾਰ ਕਰਨ ਵੀ ਨਹੀਂ ਗਏ । ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਚ ਸੁਲ੍ਹਾ ਸਫ਼ਾਈ ਕਰਵਾਉਣ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਕਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ,ਪਰ ਦੋਵਾਂ ਆਗੂਆਂ ਵੱਲੋਂ ਚਾਹ ਪਾਰਟੀ ਤੇ ਇਕੱਠੇ ਹੋਣ ਤੋਂ ਬਾਅਦ ਇਹ ਗੱਲ ਦਾ ਅਜੇ ਤੱਕ ਭੇਦ ਬਣਿਆ ਹੋਇਆ ਹੈ ਕਿ ਗੱਲ ਕਿੱਥੇ ਖੜ੍ਹੀ ਹੈ ? ਰਾਜਸੀ ਮਾਹਿਰ ਦਾ ਕਹਿਣਾ ਹੈ ਕਿ ਇੱਕ ਦਿੱਲੀ ਦੀ ਏਬੀਪੀ ਏਜੰਸੀ ਵੱਲੋਂ ਕੀਤੇ ਗਏ ਸੀ ਵੋਟਰ ਸਰਵੇ ਨੇ ਸਿੱਧੂ ਦਾ ਸਿਆਸੀ ਕੱਦ ਵਧਾ ਕੇ ਉਸ ਨੂੰ ਪੰਜਾਬ ਦਾ ਮਜ਼ਬੂਤ ਕਪਤਾਨ ਦੱਸਿਆ ਹੈ । ਉਨ੍ਹਾਂ ਸਰਵੇ ਵਿੱਚ 43 % ਲੋਕਾਂ ਦੀ ਰਾਇ ਦੱਸੀ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਤੇ ਨਵਜੋਤ ਸਿੰਘ ਸਿੱਧੂ ਹੱਥ ਕਾਂਗਰਸ ਦੀ ਕਮਾਨ ਸੰਭਾਲੀ ਜਾਵੇ ਤਾਂ ਕਾਂਗਰਸ ਮਜ਼ਬੂਤ ਹੋਵੇਗੀ ।
ਪਰ ਦੂਜੇ ਪਾਸੇ ਰਾਜਸੀ ਮਾਹਿਰ ਇਹ ਵੀ ਗਿਣਤੀਆਂ ਮਿਣਤੀਆਂ ਲਾਉਂਦੇ ਹਨ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਵੱਲੋਂ ਬਾਘਾਪੁਰਾਣਾ ਕਿਸਾਨ ਰੈਲੀ ਤੇ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਲਈ ਆਪਣਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਗਿਆ ,ਕਿਉਂਕਿ ਉਹ ਇਹ ਵੀ ਸੋਚਦੇ ਹਨ ਕਿ ਕਿਤੇ ਨਵਜੋਤ ਸਿੱਧੂ ਤੇ ਆਮ ਆਦਮੀ ਪਾਰਟੀ ਡੋਰੇ ਤਾਂ ਨਹੀਂ ਪਾ ਰਹੀ । ਦੂਜੇ ਪਾਸੇ ਅਕਾਲੀ ਦਲ ਤੋਂ ਵੱਖ ਹੋਏ ਅਕਾਲੀ ਦਲ ਡੈਮੋਕਰੇਟਿਕ ਅਤੇ ਅਕਾਲੀ ਦਲ ਟਕਸਾਲੀ ਵੱਲੋਂ ਤਾ ਪਹਿਲਾਂ ਹੀ ਨਵਜੋਤ ਸਿੱਧੂ ਲਈ ਸਹਿਮਤੀ ਦਿੱਤੀ ਹੋਈ ਹੈ ।ਹੁਣ ਇਹ ਦੇਖਣਾ ਹੋਵੇਗਾ ਕਿ ਕੱਲ੍ਹ ਦੀ ਪ੍ਰੈੱਸ ਕਾਨਫਰੰਸ ਚ ਨਵਜੋਤ ਸਿੰਘ ਸਿੱਧੂ ਕੀ ਆਪਣੇ ਸਿਆਸੀ ਪੱਤੇ ਖੋਹਲ੍ਹਦੇ ਹਨ ।






















