ਗੰਨ ਕਲਚਰ ਨੂੰ ਖ਼ਤਮ ਕਰਨ ਦਾ ਮਾਮਲਾ – ਪੰਜਾਬ ਦੇ 2 ਹੋਰ ਗਾਇਕਾਂ ‘ਤੇ ਐਫਆਈਆਰ
ਚੰਡੀਗੜ੍ਹ 3 ਦਸੰਬਰ(ਵਿਸ਼ਵ ਵਾਰਤਾ)- ਗੰਨ ਕਲਚਰ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਅਲਟੀਮੇਟਮ ਖ਼ਤਮ ਹੋਣ ਤੋਂ ਬਾਅਦ ਪੰਜਾਬ ਪੁਲਿਸ ਮੁੜ ਸਰਗਰਮ ਹੋ ਗਈ ਹੈ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਅਖ਼ਤਰ ਅਤੇ ਗਾਇਕ ਸੁਖਮਨ ਹੀਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਇਹਨਾਂ ਦੋਵਾਂ ਦੇ ਪਿਛਲੇ ਦਿਨੀਂ ਆਏ ਨਵੇਂ ਗੀਤ ‘ਕਾਫਿਲਾ’ ਨੂੰ ਲੈ ਕੇ ਕੀਤੀ ਗਈ ਹੈ। ਜਿਸ ਵਿੱਚ ਹਥਿਆਰ ਪ੍ਰਦਰਸ਼ਿਤ ਕੀਤੇ ਗਏ ਸਨ।
ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਗਾਇਕਾ ਜੈਸਮੀਨ ਅਖ਼ਤਰ ਅਤੇ ਸੁਖਮਨ ਹੀਰ ਤੋਂ ਇਲਾਵਾ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਖੇੜੀ ਨੌਧ ਸਿੰਘ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਇਸ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਗਾਇਕ ਸੁਖਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਦਾ ਕਵਰ ਪਾ ਦਿੱਤਾ ਹੈ, ਜਿਸ ‘ਚ ਹੱਥ ‘ਚ ਰਾਈਫਲ ਫੜੀ ਹੋਈ ਹੈ ਅਤੇ ਗੀਤ ‘ਚ ਹਥਿਆਰ ਵੀ ਖੁੱਲ੍ਹੇਆਮ ਦਿਖਾਈ ਦੇ ਰਹੇ ਹਨ।






















