ਗੜਸ਼ੰਕਰ ‘ਚ ਸਮ੍ਰਿਤੀ ਇਰਾਨੀ ਨੇ ਭਰੀ ਸਿਆਸੀ ਹੁੰਕਾਰ, ਰਾਹੁਲ ਗਾਂਧੀ ‘ਤੇ ਵਿੰਨਿਆ ਤੀਰ
ਪੀਐਮ ਬਣਨ ਦਾ ਸੁਪਨਾ ਦੇਖ ਰਹੇ ਨੇ ਕਾਂਗਰਸ ਦੇ ਯੁਵਰਾਜ : ਸਮ੍ਰਿਤੀ ਇਰਾਨੀ
ਚੰਡੀਗੜ੍ਹ, 29ਮਈ(ਵਿਸ਼ਵ ਵਾਰਤਾ)- ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਜਿਥੇ ਉਹਨਾਂ ਨੇ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੇ ਹੱਕ ਚ ਚੋਣ ਪ੍ਰਚਾਰ ਕੀਤਾ। ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਉਹਨਾਂ ਬੀਜੇਪੀ ਦੀ ਕੇਂਦਰ ਸਰਕਾਰ ਦੀਆਂ ਉਪਲੱਬਧੀਆਂ ਗਿਣਾਉਂਦੀਆਂ ਕਿਹਾ ਕਿ ਮੋਦੀ ਸਰਕਾਰ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ, 5 ਲੱਖ ਦਾ ਸਿਹਤ ਬੀਮਾਂ, 11 ਕਰੋੜ ਪਰਿਵਾਰਾਂ ਨੂੰ ਟਾਇਲਟ ਅਤੇ ਗਰੀਬ ਮਹਿਲਾਵਾਂ ਨੂੰ ਫਰੀ ਸਿਲੰਡਰ ਦੀ ਯੋਜਨਾ ਦਾ ਲਾਭ ਦਿੱਤਾ ਹੈ। ਉਨਾਂ ਕਿਹਾ ਕਿ ਆਪ ਸਰਕਾਰ ਦੀ ਗ਼ਲਤੀ ਕਰਕੇ ਕਿਸਾਨਾਂ ਨੂੰ 900 ਕਰੋੜ ਰੁਪਏ ਨਹੀਂ ਮਿਲ ਪਾ ਰਹੇ ਹਨ ਕਿਉ ਕਿ ਆਪ ਸਰਕਾਰ ਕਿਸਾਨਾਂ ਦੇ ਸੰਬੰਧਿਤ ਕਾਗਜ਼ ਵੈਰੀਫਾਈ ਨਹੀਂ ਕਰ ਰਹੀ ਹੈ। ਕਾਂਗਰਸ ਨੂੰ ਸਿਆਸੀ ਲਪੇਟ ਚ ਲੈਂਦੀਆਂ ਉਹਨਾਂ ਕਿਹਾ ਕਿ ਕਾਂਗਰਸ ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਦੇ ਰਹੀ ਜਿੰਨਾ ‘ਤੇ ਦੇਸ਼ ਨੂੰ ਵੰਡਣ ਵਾਲੇ ਨਾਅਰੇ ਲਗਾਉਣ ਦੇ ਇਲਜ਼ਾਮ ਹਨ। ਰਾਹੁਲ ਗਾਂਧੀ ‘ਤੇ ਸਿਆਸੀ ਨਿਸ਼ਾਨ ਸਾਧਦਿਆਂ ਉਹਨਾਂ ਕਿਹਾ ਕਿ ਕਾਂਗਰਸ ਦਾ ਯੁਵਰਾਜ ਪੀਐਮ ਬਣਨ ਦੇ ਸੁਪਨੇ ਦੇਖ ਰਿਹਾ ਹੈ ਪਰ ਅਮੇਠੀ ਤੋਂ ਚੋਣ ਲੜਨ ਦੀ ਹਿੰਮਤ ਨਹੀਂ ਕਰ ਸਕਿਆ।























