ਪੰਜਾਬ ਦੇ ਡੀਜੀਪੀ ਨੂੰ ਲੈ ਕੇ ਵੱਡੀ ਖਬਰ
ਵੀ ਕੇ ਭਾਵਰਾ ਦੇ ਛੁੱਟੀ ਤੋਂ ਵਾਪਸ ਪਰਤਣ ਤੋਂ ਬਾਅਦ ਕੌਣ ਹੋਵੇਗਾ ਪੰਜਾਬ ਦਾ ਨਵਾਂ ਡੀਜੀਪੀ!
ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ)- ਅੱਜ ਤੋਂ 2 ਦਿਨਾਂ ਬਾਅਦ ਯਾਨਿ ਕਿ 4 ਸਤੰਬਰ ਨੂੰ ਪੰਜਾਬ ਦੇ ਸਥਾਈ ਡੀਜੀਪੀ ਵੀਕੇ ਭਾਵਰਾ ਛੁੱਟੀ ਤੋਂ ਵਾਪਸ ਪਰਤ ਰਹੇ ਹਨ। ਇਸ ਵਿਚਾਲੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਈਪੀਐਸ ਅਧਿਕਾਰੀ ਗੌਰਵ ਯਾਦਵ ਹੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਬਣੇ ਰਹਿਣਗੇ ਅਤੇ ਭਾਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਤਾਇਨਾਤ ਕੀਤਾ ਜਾਵੇਗਾ। ਇਸ ਸਬੰਧੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਤਿਆਰੀਆਂ ਕਰ ਲਈਆਂ ਹਨ। ਇਸ ਤੋਂ ਪਹਿਲਾਂ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਅਜਿਹਾ ਕਰ ਚੁੱਕੀ ਹੈ।
ਦਿਨਕਰ ਗੁਪਤਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਇਕਬਾਲਪ੍ਰੀਤ ਸਹੋਤਾ ਨੂੰ ਪਹਿਲਾਂ ਡੀਜੀਪੀ ਇਸ ਤੋਂ ਬਾਅਦ ਨਵਜੋਤ ਸਿੱਧੂ ਦੇ ਜ਼ੋਰ ਪਾਉਣ ‘ਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਸਥਾਈ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਇਸ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਲਾਇਆ ਗਿਆ ਸੀ। ਜਿਸ ਤੋਂ ਬਾਅਦ ਉਹ ਕੇਂਦਰ ‘ਚ ਡੈਪੂਟੇਸ਼ਨ ‘ਤੇ ਚਲੇ ਗਏ ਸਨ ਅਤੇ ਹੁਣ ਐਨਆਈਏ ਦੇ ਡਾਈਰੈਕਟਰ ਜਨਰਲ ਹਨ।
ਦੱਸ ਦਈਏ ਕਿ ਵੀਕੇ ਭਾਵਰਾ ਨੂੰ ਯੂਪੀਐਸਸੀ ਤੋਂ ਪੈਨਲ ਮਿਲਣ ਤੋਂ ਬਾਅਦ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਅਜਿਹੇ ਵਿੱਚ ਜੇਕਰ ਹੁਣ ‘ਆਪ’ ਸਰਕਾਰ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਦੇ ਤੌਰ ‘ਤੇ ਬਰਕਰਾਰ ਰੱਖਦੀ ਹੈ ਤਾਂ ਉਨ੍ਹਾਂ ਨੂੰ 6 ਮਹੀਨਿਆਂ ਦੇ ਅੰਦਰ ਨਵਾਂ ਪੈਨਲ ਬਣਾ ਕੇ ਯੂਪੀਐਸਸੀ ਨੂੰ ਭੇਜਣਾ ਹੋਵੇਗਾ।























