ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਲੁਧਿਆਣਾ ਕੋਰਟ ਵਿੱਚ ਪੇਸ਼ੀ ਅੱਜ
ਜਲੰਧਰ ਪੁਲਿਸ ਵੱਲੋਂ ਟਰਾਂਜ਼ਿਟ ਰਿਮਾਂਡ ਦੀ ਕੀਤੀ ਜਾਵੇਗੀ ਮੰਗ
ਚੰਡੀਗੜ੍ਹ 12 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨੂੰ ਅੱਜ ਖਰੜ ਦੇ ਸੀਆਈਏ ਸਟਾਫ ਦਫਤਰ ਤੋਂ ਲੁਧਿਆਣਾ ਲਿਆਂਦਾ ਜਾ ਰਿਹਾ ਹੈ। ਉਸ ਨੂੰ ਸਖ਼ਤ ਸੁਰੱਖਿਆ ਵਿਚਕਾਰ ਕਤਲ ਕੇਸ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਲੁਧਿਆਣਾ ਦੀ ਅਦਾਲਤ ਤੋਂ ਲਾਰੈਂਸ ਦਾ 14 ਦਿਨ ਦਾ ਰਿਮਾਂਡ ਹਾਸਲ ਕੀਤਾ ਹੋਇਆ ਸੀ। ਇਸ ਦੇ ਨਾਲ ਹੀ ਅਦਾਲਤ ‘ਚ ਪੇਸ਼ੀ ਨੂੰ ਲੈ ਕੇ ਸੁਰੱਖਿਆ ਵਿਵਸਥਾ ਮਜ਼ਬੂਤ ਰੱਖੀ ਜਾਵੇਗੀ, ਕਿਉਂਕਿ ਬੰਬੀਹਾ ਗੈਂਗ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਲਾਰੇਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਵੀ ਦਾਅਵਾ ਕੀਤਾ ਹੈ ਕਿ ਪੁਲਿਸ ਗੈਂਗਸਟਰ ਦਾ ਫਰਜ਼ੀ ਮੁਕਾਬਲਾ ਕਰਨ ਦੀ ਤਿਆਰੀ ਕਰ ਰਹੀ ਹੈ।ਦੱਸ ਦੇਈਏ ਕਿ ਲੁਧਿਆਣਾ ਦੇ ਪੁਲਿਸ ਸਟੇਸ਼ਨ ਵਿੱਚ 2017 ਦੇ ਕੇਬਲ ਆਪਰੇਟਰ ਕਤਲ ਕੇਸ ਵਿੱਚ ਲਾਰੈਂਸ ਦਾ ਨਾਮ ਦਰਜ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਲੰਧਰ ਪੁਲਿਸ ਵੀ ਹਥਿਆਰ ਤਸਕਰੀ ਦੇ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਲੈਣ ਦੀ ਤਿਆਰੀ ਵਿੱਚ ਹੈ।