ਗੈਂਗਸਟਰ ਲਖਬੀਰ ਲੰਡਾ ਖਿਲਾਫ ਪੁਲਿਸ ਦੀ ਵੱਡੀ ਕਾਰਵਾਈ ਮਾਂ ਭੈਣ ਤੇ ਜੀਜਾ ਗਿਰਫਤਾਰ
ਜਲੰਧਰ 15 ਜੂਨ (ਵਿਸ਼ਵ ਵਾਰਤਾ) ਜਲੰਧਰ ਵਿਖੇ ਪੁਲਿਸ ਵੱਲੋਂ ਗੈਂਗਸਟਰ ਲਖਬੀਰ ਲੰਡਾ ਦੇ ਰਿਸ਼ਤੇਦਾਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਵਪਾਰੀ ਤੋਂ 2 ਕਰੋੜ ਰੁਪਏ ਦੀ ਫਰੌਤੀ ਮੰਗਣ ਦੇ ਮਾਮਲੇ ਦੇ ਵਿੱਚ ਲਖਬੀਰ ਲੰਡਾ ਦੇ 6 ਰਿਸ਼ਤੇਦਾਰਾਂ ਨੂੰ ਅਤੇ ਉਸਦੇ ਸਾਥੀ ਨੂੰ ਗ੍ਰਫਤਾਰ ਕੀਤਾ ਹੈ। ਇਸ ਕਾਰਵਾਈ ਦੇ ਵਿੱਚ ਪੁਲਿਸ ਨੇ ਲਖਵੀਰ ਲੰਡਾ ਦੀ ਮਾਤਾ ਪਰਮਿੰਦਰ ਕੌਰ ਭੈਣ ਜਸਪਾਲ ਕੌਰ ਅਤੇ ਜੀਜਾ ਰਣਜੋਤ ਸਿੰਘ ਅਤੇ ਉਸ ਦੇ ਸਾਥੀ ਯਾਦਵਿੰਦਰ ਦੀ ਮਾਤਾ ਬਲਜੀਤ ਕੌਰ ਉਸਦੇ ਪਿਤਾ ਜੈਕਾਰ ਸਿੰਘ ਅਤੇ ਉਸ ਦੀ ਭੈਣ ਹੁਸਨ ਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਇਹਨਾਂ ਸਾਰਿਆਂ ਦਾ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਵੀ ਕਰਵਾਇਆ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਪੁਲਿਸ ਵੱਲੋਂ ਹਾਸਿਲ ਕੀਤਾ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਡੁੰਘਾਈ ਦੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਗਿਰਫਤਾਰ ਕੀਤੇ ਗਏ ਇਹਨਾਂ ਸਾਰੇ ਮੁਲਜ਼ਮਾਂ ਦੇ ਬੈਂਕ ਖਾਤਿਆਂ ਅਤੇ ਮੋਬਾਈਲ ਫੋਨਾਂ ਦੀ ਡਿਟੇਲ ਵੀ ਪੁਲਿਸ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਿਕ ਪੁਲਿਸ ਵੱਲੋਂ ਇਹਨਾਂ ਫੜੇ ਗਏ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਬਚਾਅ ਪੱਖ ਦੇ ਦਲੀਲਾਂ ਕਾਰਨ ਅਦਾਲਤ ਵੱਲੋਂ ਸਿਰਫ ਇੱਕ ਦਿਨ ਦਾ ਰਿਮਾਂਡ ਹੀ ਪੁਲਿਸ ਨੂੰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਿਕ ਅੱਜ ਫਿਰ ਪੁਲਿਸ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ।