ਗੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਖ਼ਰਾਬ ਫਸਲ ਦੇ ਮੁਆਵਜ਼ੇ ਦਾ ਮਾਮਲਾ :
ਪੰਜਾਬ ਸਰਕਾਰ ਵੱਲੋਂ ਐਲਾਨੀ ਮੁਆਵਜ਼ੇ ਦੀ ਰਾਸ਼ੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ )ਵੱਲੋਂ ਨਾ ਮਨਜ਼ੂਰ
ਸੰਘਰਸ਼ ਜਾਰੀ ਰੱਖਣ ਦਾ ਐਲਾਨ

ਚੰਡੀਗੜ੍ਹ, 30 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਖੇਤੀ ਮੰਤਰੀ ਅਤੇ ਮੁੜ ਵਸੇਬਾ ਮੰਤਰੀ ਦੁਆਰਾ ਨਰਮਾ ਤਬਾਹੀ ਤੋਂ ਪੀੜਤ ਕਿਸਾਨਾਂ ਲਈ ਮੁਕੰਮਲ ਤਬਾਹੀ ਦਾ ਮੁਆਵਜ਼ਾ ਸਿਰਫ਼ 12000 ਰੁਪਏ ਪ੍ਰਤੀ ਏਕੜ ਦੇਣ ਅਤੇ ਇਸਦਾ 10% ਖੇਤ ਮਜ਼ਦੂਰਾਂ ਨੂੰ ਦੇਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਵੱਲੋਂ ਨਿਗੂਣਾ ਗਰਦਾਨ ਕੇ ਰੱਦ ਕੀਤਾ ਗਿਆ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਜਾਰੀ ਕੀਤੇ ਸਾਂਝੇ ਪ੍ਰੈਸ ਬਿਆਨ ਰਾਹੀਂ ਇਹ ਦੱਸਦੇ ਹੋਏ ਲੱਗਭਗ ਮਹੀਨੇ ਤੋਂ ਨਰਮੇ ਦੀ ਮੁਕੰਮਲ ਤਬਾਹੀ ਦਾ ਮੁਆਵਜ਼ਾ 60000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਦੀ ਨਰਮਾ ਚੁਗਾਈ 30000 ਰੁਪਏ ਪ੍ਰਤੀ ਪਰਿਵਾਰ ਲੈਣ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਕੇ ਕੀਤੇ ਗਏ ਜ਼ਖਮਾਂ’ਤੇ ਲੂਣ ਭੁੱਕਣ ਵਾਲੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬਠਿੰਡਾ ਸਕੱਤਰੇਤ ਦੇ ਪੰਜ ਰੋਜ਼ਾ ਮੁਕੰਮਲ ਘਿਰਾਓ ਪ੍ਰਤੀ ਚੰਨੀ ਸਰਕਾਰ ਵੱਲੋਂ ਧਾਰੀ ਹੋਈ ਢੀਠਤਾਈ ਦੇ ਮੱਦੇਨਜ਼ਰ ਇਹਦੀ ਬਜਾਏ ਅੱਜ ਤੋਂ ਪੰਜਾਬ ਭਰ ਵਿੱਚ ਕਾਂਗਰਸੀ ਵਿਧਾਇਕਾਂ ਮੰਤਰੀਆਂ ਸਾਂਸਦਾਂ ਦਾ ਭਾਜਪਾ ਆਗੂਆਂ ਵਾਂਗ ਹੀ ਪਿੰਡਾਂ ਸ਼ਹਿਰਾਂ ਵਿੱਚ ਦਾਖਲਾ ਬੰਦ ਕਰਨ ਅਤੇ ਢੁੱਕਵੇਂ ਮੁਆਵਜ਼ੇ ਵਾਲੇ ਝੂਠੇ ਬੈਨਰਾਂ ਉੱਤੇ ਕਾਲੇ ਕਾਟੇ ਮਾਰਨ ਦਾ ਬੀਤੇ ਦਿਨ ਕੀਤਾ ਗਿਆ ਐਲਾਨ ਪੂਰੇ ਜੋਸ਼ੋਖਰੋਸ਼ ਨਾਲ ਜਾਰੀ ਰੱਖਿਆ ਜਾਵੇਗਾ।






















