‘ਗੁਰੂ ਤੇਗ ਬਹਾਦਰ ਸਾਹਿਬ ਜੀਵਨ ਅਤੇ ਬਾਣੀ : ਪੁਨਰ-ਵਿਚਾਰ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ
ਚੰਡੀਗੜ੍ਹ,21 ਮਈ(ਵਿਸ਼ਵ ਵਾਰਤਾ)-ਸਰਕਾਰੀ ਕਾਲਜ ਭੇਰੀਆਂ (ਪੇਹਵਾ, ਹਰਿਆਣਾ)ਵਿਖੇ ਪੰਜਾਬੀ ਵਿਭਾਗ ਅਤੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ‘ਗੁਰੂ ਤੇਗ ਬਹਾਦਰ ਸਾਹਿਬ ਜੀਵਨ ਅਤੇ ਬਾਣੀ : ਪੁਨਰ-ਵਿਚਾਰ’ ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਮੁੱਖ ਮਹਿਮਾਨ ਦੇ ਤੌਰ ਸਰਦਾਰ ਗੁਰਵਿੰਦਰ ਸਿੰਘ ਧਮੀਜਾ, ਡਿਪਟੀ ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਨੇ ਸ਼ਿਰਕਤ ਕੀਤੀ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ਤੇ ਚਾਨਣਾ ਪਾ ਕੇ ਗੁਰੂ ਜੀ ਦੇ ਜੀਵਨ ਤੋਂ ਸੇਧ ਲੈਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਿਰਫ਼ ਹਿੰਦ ਦੀ ਚਾਦਰ ਨਾ ਹੋ ਕੇ ਸਾਰੀ ਸ਼੍ਰਿਸ਼ਟੀ ਦੀ ਚਾਦਰ ਹਨ। ਪਹਿਲੇ ਸੈਸ਼ਨ ਵਿੱਚ ਮੁੱਖ ਭਾਸ਼ਣ ਡਾ ਹਰਜੋਧ ਸਿੰਘ, ਮੁਖੀ ਭਾਈ ਵੀਰ ਸਿੰਘ ਚੇਅਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦਿੱਤਾ।ਡਾ ਹਰਜੋਧ ਨੇ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਇਤਿਹਾਸਿਕ ਹਵਾਲਿਆਂ ਨਾਲ ਪੇਸ਼ ਕੀਤਾ ਜਿਸ ਵਿੱਚ ਮੰਜੀ ਪ੍ਰਥਾ ਤੋਂ ਲੈਕੇ ਗੁਰੂ ਜੀ ਦੀ ਸ਼ਹੀਦੀ ਤੱਕ ਦੇ ਸਫ਼ਰ ਬਾਰੇ ਦੱਸਿਆ।
ਇਸ ਸੈਮੀਨਾਰ ਵਿੱਚ ਹਰਿਆਣਾ ਉੱਚ ਸਿੱਖਿਆ ਵਿਭਾਗ ਪੰਚਕੂਲਾ ਦੇ ਡਿਪਟੀ ਡਾਇਰੈਕਟਰ ਡਾ ਸੁਖਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਪਹੁੰਚੇ।ਓਹਨਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਇਕ ਉੱਚ ਆਦਰਸ਼ਕ ਜੀਵਨ ਜਾਚ ਸਿਖਾਉਂਦੀ ਹੈ ਜਿਸ ਤੇ ਚੱਲ ਕੇ ਮਨੁੱਖ ਇਕ ਸਕੂਨਮਈ ਜ਼ਿੰਦਗੀ ਜੀ ਸਕਦਾ ਹੈ।ਪਹਿਲੇ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਡਾ ਪਰਮਜੀਤ ਕੌਰ ਸਿੱਧੂ ਸਹਾਇਕ ਪ੍ਰੋਫੈਸਰ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਆਪਣੇ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਬਾਣੀ ਪੁਨਰ ਝਾਤ ਬਾਰੇ ਕੀਤੀ।ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ ਰਜਿੰਦਰ ਸਿੰਘ ਭੱਟੀ ਸਾਬਕਾ ਮੁਖੀ ਪੰਜਾਬੀ ਵਿਭਾਗ ਅਤੇ ਡੀਨ ਕਲਾ ਅਤੇ ਭਾਸ਼ਾਵਾਂ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਕੀਤੀ।ਓਹਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਤੋਂ ਲੈ ਕੇ ਗੁਰਬਾਣੀ ਦੀ ਪੁਨਰ ਪੜਚੋਲ ਕੀਤੀ।ਓਹਨਾ ਨੇ ਕਿਹਾ ਕਿ ਗੁਰੂ ਜੀ ਦੀ ਬਾਣੀ ਜੋ ਅੱਜ ਵੀ ਪ੍ਰਸੰਗਿਕ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਤੋਂ ਕਿਸ ਤਰ੍ਹਾਂ ਨਾਲ ਬਚਿਆ ਜਾ ਸਕਦਾ ਹੈ ਗੁਰੂ ਜੀ ਦੀ ਬਾਣੀ ਤੋਂ ਆਸਾਨੀ ਨਾਲ ਸਿੱਖਿਆ ਜਾ ਸਕਦਾ ਹੈ।ਦੂਜੇ ਸੈਸ਼ਨ ਵਿੱਚ ਕਾਲਜਾਂ ਅਤੇ ਸਕੂਲਾਂ ਵਿੱਚੋ ਆਏ ਵਿਦਵਾਨ ਪ੍ਰੋ ਅਨਿਲ ਕੁਮਾਰ ਸੌਦਾ, ਡਾ ਬਲਜਿੰਦਰ ਸਿੰਘ, ਡਾ ਬੀਰਬਲ ਸਿੰਘ, ਸਰਵਜੀਤ ਸਿੰਘ,ਡਾ ਕਿਰਨ ਗਰਗ ਅਤੇ ਡਾ ਸਰਬਜੀਤ ਕੌਰ ਨੇ ਗੂਰੂ ਤੇਗ ਬਹਾਦਰ ਜੀ ਦੇ ਜੀਵਨ ਫ਼ਲਸਫ਼ੇ ਅਤੇ ਬਾਣੀ ਉੱਪਰ ਪਰਚੇ ਪੜ੍ਹੇ।ਇਸ ਸੈਸ਼ਨ ਦੀ ਪ੍ਰਧਾਨਗੀ ਡਾ ਕੁਲਦੀਪ ਸਿੰਘ ਮੁਖੀ ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਨੇ ਕੀਤੀ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ ਮੇਜਰ ਸਿੰਘ ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਕਰਨਾਲ ਪੰਹੁਚੇ। ਇਸ ਸੈਮੀਨਾਰ ਦੇ ਕਨਵੀਨਰ ਜਗਮੋਹਨ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਸੈਣੀ ਨੇ ਇਸ ਸੈਮੀਨਾਰ ਦੀ ਸਫਲ ਆਯੋਜਨ ਦੀ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਇਸ ਤਰ੍ਹਾਂ ਪ੍ਰੋਗਰਾਮ ਕਰਵਾ ਕੇ ਵਿਦਿਆਰਥੀਆਂ ਦਾ ਸਰਵ ਪੱਖੀ ਵਿਕਾਸ ਕੀਤਾ ਜਾਂਦਾ ਰਹੇਗਾ























