ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਲਾਲ ਕਿਲ੍ਹੇ ਵਿਖੇ ਹੋਏ ਸਮਾਗਮ ਵਿੱਚ ਹੋਏ ਸ਼ਾਮਿਲ
ਪ੍ਰਧਾਨ ਮੰਤਰੀ ਮੋਦੀ ਨੂੰ ਹਰਿਮੰਦਰ ਸਾਹਿਬ ਦਾ ਪ੍ਰਤੀਰੂਪ ਅਤੇ ਫੁਲਕਾਰੀ ਕੀਤੀ ਭੇਟ
ਚੰਡੀਗੜ੍ਹ,22 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਾਲ ਕਿਲ੍ਹੇ ਵਿਖੇ ਨੌਵੇਂ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ‘ਚ ਸਮਾਪਤੀ ਵਾਲੇ ਦਿਨ ਹਾਜ਼ਰੀ ਲੁਆਈ। ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਆਲਮੀ ਇਤਿਹਾਸ ਦੇ ਸਿਧਾਂਤਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਕੈਬਨਿਟ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਅਮੀਰ ਸੱਭਆਚਾਰਕ ਵਿਰਾਸਤ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਤੀਰੂਪ (ਰੈਪਲਿਕਾ) ਅਤੇ ਫੁਲਕਾਰੀ ਦੇ ਕੇ ਸਨਮਾਨਿਤ ਵੀ ਕੀਤਾ। ਸ. ਬੈਂਸ ਨੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਇਨ੍ਹਾਂ ਜ਼ਰੀਏ ਪੀੜੀ ਦਰ ਪੀੜੀ ਇਸ ਪਵਿੱਤਰ ਦਿਹਾੜੇ ਦੀਆਂ ਯਾਦਾਂ ਨੂੰ ਸੰਭਾਲਿਆ ਜਾਵੇਗਾ।























