ਚੰਡੀਗੜ 20 ਸਤੰਬਰ (ਵਿਸ਼ਵ ਵਾਰਤਾ)- ਗੁਰਦਾਸਪੁਰ ਉਪ-ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੇਜਰ ਜਨਰਲ (ਰਿਟਾਇਰਡ) ਸੁਰੇਸ਼ ਖਜੂਰੀਆ ਬੁੱਧਵਾਰ, 21 ਸਤੰਬਰ 2017 ਨੂੰ ਨਾਮਾਂਕਨ ਭਰਨਗੇ।
ਆਮ ਆਦਮੀ ਪਾਰਟੀ ਦੇ ਸਚਿਵ ਗੁਲਸ਼ਨ ਛਾਬੜਾ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਜਰ ਜਨਰਲ ਖਜੂਰੀਆ 21 ਸਤੰਬਰ 2017 ਨੂੰ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਪਾਰਟੀ ਦੇ ਉਮੀਦਵਾਰ ਦੇ ਰੂਪ ਵਿੱਚ ਆਪਣਾ ਨਾਮਾਂਕਨ ਭਰਨਗੇ। ਇਸ ਮੌਕੇ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਮਾਝਾ ਜੋਨ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਕਾਕੀ, ਗੁਰਦਾਸਪੁਰ ਜਿਲੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਪਠਾਨਕੋਟ ਜਿਲੇ ਦੇ ਪ੍ਰਧਾਨ ਰਵਿੰਦਰ ਭੱਲਾ, ਪਾਰਟੀ ਦੇ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਲਖਵੀਰ ਸਿੰਘ ਸਮੇਤ ਪਾਰਟੀ ਦੇ ਵਿਧਾਇਕ, ਅਹੁਦੇਦਾਰ ਅਤੇ ਹੋਰ ਸਥਾਨਕ ਨੇਤਾ ਅਤੇ ਵਾਲੰਟਿਅਰਸ ਮੌਜੂਦ ਹੋਣਗੇ।
ਗੁਲਸ਼ਨ ਛਾਬੜਾ ਨੇ ਦੱਸਿਆ ਕਿ ਪਾਰਟੀ ਦੇ ਸਥਾਨਕ ਪੜੇ- ਲਿਖੇ ਅਤੇ ਇੱਕ ਦੇਸ ਭਗਤ ਫੌਜੀ ਅਫਸਰ ਉਮੀਦਵਾਰ ਬਣਾਇਆ ਹੈ। ਜਿਸਨੇ ਆਪਣਾ ਪੂਰਾ ਜੀਵਨ ਈਮਾਨਦਾਰੀ ਅਤੇ ਵਚਨ ਬੱਧਤਾ ਦੇ ਨਾਲ ਦੇਸ਼ ਅਤੇ ਸਮਾਜ ਦੀ ਸੇਵਾ ਵਿੱਚ ਲਗਾਇਆ ਹੈ। ਉਨਾਂ ਨੇ ਦੱਸਿਆ ਕਿ ਮੇਜਰ ਜਨਰਲ ਖਜੂਰੀਆ ਦਾ ਜਨਮ ਪਠਾਨਕੋਟ ਤੋਂ 15 ਕਿਮੀ. ਦੂਰ ਪਿੰਡ ਬੁੰਗਲ ਦੇ ਇੱਕ ਆਮ ਪਰਵਾਰ ਵਿੱਚ ਸਾਲ 1953 ਵਿੱਚ ਹੋਇਆ। ਆਪਣੇ ਹੀ ਪਿੰਡ ਤੋਂ ਮੁਢੱਲੀ ਸਿੱਖਿਆ ਹਾਸਲ ਕਰਣ ਤੋਂ ਬਾਅਦ ਖਜੂਰੀਆ ਨੇ ਪਠਾਨਕੋਟ ਦੇ ਐਸ. ਡੀ. ਕਾਲਜ ਤੋਂ ਬੀ. ਏ. ਕੀਤੀ ਅਤੇ ਉਸ ਤੋਂ ਬਾਅਦ ਐਮਬੀਏ ਅਤੇ ਐਮ. ਫਿਲ ਤੱਕ ਦੀ ਉੱਚ ਸਿੱਖਿਆ ਹਾਸਲ ਕੀਤੀ। ਮੇਜਰ ਜਨਰਲ ਖਜੂਰੀਆ ਫੌਜ ਵਿੱਚ 37 ਸਾਲ ਦੀ ਸੇਵਾ ਤੋਂ ਬਾਅਦ 2011 ਵਿੱਚ ਸੇਵਾ ਮੁਕਤ ਹੋਏ ਸਨ। ਫੌਜ ਵਿੱਚ ਸ਼ਾਨਦਾਰ ਸੇਵਾਵਾਂ ਦੇ ਬਦਲੇ ਉਨਾਂ ਨੂੰ ਪੰਜ ਵਾਰ ਵੱਖਰਾ ਅਵਾਰਡਾਂ ਦੇ ਨਾਲ ਨਿਵਾਜਿਆ ਗਿਆ। ਜਿਨਾਂ ਵਿੱਚ ਰਾਸ਼ਟਰਪਤੀ ਵਲੋਂ ਵਸ਼ੀਸ਼ਟ ਸੇਵਾ ਮੈਡਲ ਅਤੇ ਅਤੀ ਵਸ਼ੀਸ਼ਟ ਸੇਵਾ ਮੈਡਲ ਸ਼ਾਮਲ ਹਨ ।
ਖਜੂਰੀਆ ਨੇ ਸੇਵਾ ਮੁਕਤ ਤੋਂ ਬਾਅਦ ਸਮਾਜ ਸੇਵਾ ਅਤੇ ਸਾਬਕਾ ਸੈਨਿਕਾਂ ਦੇ ਹਿਤਾਂ ਲਈ ਆਪਣੀ ਅਵਾਜ ਲਗਾਤਾਰ ਬੁਲੰਦ ਰੱਖੀ। ਉਨਾਂ ਨੇ ਇਕ ਰੈਂਕ ਇਕ ਪੈਨਸ਼ਨ ਦੀ ਮੰਗ ਨੂੰ ਜੋਰ ਸ਼ੋਰ ਨਾਲ ਚੁੱਕਿਆ। ਮੇਜਰ ਜਨਰਲ ਖਜੂਰੀਆ ਨੇ ਸੇਵਾ ਮੁਕਤ ਫੌਜ ਅਧਿਕਾਰੀਆਂ ਉੱਤੇ ਆਧਾਰੀਤ ਐਸੋਸਿਏਸ਼ਨ ਵਿੱਚ ਪ੍ਰਧਾਨ ਦੀ ਜਿੰਮੇਵਾਰੀ ਵੀ ਨਿਭਾਈ। ਅੰਨਾ ਅੰਦੋਲਨ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਤਾਂ ਮੇਜਰ ਜਨਰਲ ਖਜੂਰੀਆ ਉਦੋਂ ਤੋਂ ਪਾਰਟੀ ਦੇ ਨਾਲ ਜੁੜ ਗਏ ਸਨ ਅਤੇ ਉਨਾਂ ਨੇ ਪਾਰਟੀ ਦੇ ਸਾਬਕਾ ਫੌਜੀ ਵਿੰਗ ਵਿੱਚ ਵੀ ਸਰਗਰਮ ਭੂਮਿਕਾ ਅਦਾ ਕੀਤੀ।