ਗੁਜਰਾਤ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ
ਸਾਵਰਕੁੰਡਲਾ ਦੇ ਬਰਦਾ ਪਿੰਡ ਨੇੜੇ ਇੱਕ ਝੁੱਗੀਆਂ ਵਿੱਚ ਵੱਜਾ ਟਰੱਕ
8 ਦੀ ਮੌਤ, ਕਈ ਹਨ ਗੰਭੀਰ ਜਖ਼ਮੀ
ਚੰਡੀਗੜ੍ਹ, 9ਅਗਸਤ(ਵਿਸ਼ਵ ਵਾਰਤਾ)- ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਸਾਵਰਕੁੰਡਲਾ ਤਾਲੁਕਾ ਦੇ ਬਰਦਾ ਪਿੰਡ ਦੇ ਨੇੜੇ ਇੱਕ ਟਰੱਕ ਸੜਕ ਕਿਨਾਰੇ ਝੁੱਗੀ ਵਿੱਚ ਜਾ ਵੱਜਾ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ। 16 ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਹੈ। ਸਾਰਿਆਂ ਨੂੰ ਸੰਵਾਰਕੁੰਡਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਟਰੱਕ ਭਾਵਨਗਰ ਜ਼ਿਲ੍ਹੇ ਦੇ ਮਹੂਵਾ ਸ਼ਹਿਰ ਵੱਲ ਜਾ ਰਿਹਾ ਸੀ।ਜਾਣਕਾਰੀ ਮਿਲੀ ਹੈ ਕਿ ਇਹ ਟਰੱਕ 5-6 ਝੁੱਗੀਆਂ ਵਿੱਚ ਦਾਖਲ ਹੋਇਆ ਤੇ ਉਸ ਸਮੇਂ 25 ਤੋਂ 30 ਲੋਕ ਉਹਨਾਂ ਵਿੱਚ ਸੁੱਤੇ ਪਏ ਸਨ। ਜਦੋਂ ਟਰੱਕ ਲੋਕਾਂ ਨੂੰ ਲਤਾੜਦਾ ਹੋਇਆ ਅੱਗੇ ਵਧਿਆ ਤਾਂ ਲੋਕਾਂ ਦੀਆਂ ਚੀਕਾਂ ਸੁਣ ਕੇ ਨੇੜਲੇ ਪਿੰਡ ਦੇ ਲੋਕ ਮਦਦ ਲਈ ਆਏ ਤੇ ਉਹਨਾਂ ਨੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਿਤ ਕੀਤਾ।
ਮੁੱਖ ਮੰਤਰੀ ਵਿਜੇ ਰੂਪਾਨੀ ਨੇ ਹਾਦਸੇ ‘ਤੇ ਸੋਗ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ, ਮੈਂ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।