ਗਿਆਨੀ ਹਰਪ੍ਰੀਤ ਸਿੰਘ ਬਾਦਲ ਦਲ ਦਾ ਬੁਲਾਰਾ ਬਣਨ ਦੀ ਥਾਂ ਬਾਦਲਾਂ ਨੂੰ ਪੰਥਕ ਸੰਸਥਾਵਾਂ ਛੱਡ ਕੇ ਘਰ ਬੈਠਣ ਦਾ ਆਦੇਸ਼ ਕਰਨ: ਦਵਿੰਦਰ ਸਿੰਘ ਸੋਢੀ
ਪੰਜਾਬ ਵਾਸੀਆਂ ਨੇ ਪੰਥ ਨਹੀ ਬਾਦਲ ਪਰਿਵਾਰ ਨੂੰ ਹਰਾਇਆ: ਸੋਢੀ
ਐੱਸ.ਏ.ਐੱਸ ਨਗਰ, 14 ਮਾਰਚ (ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਸ: ਦਵਿੰਦਰ ਸਿੰਘ ਸੋਢੀ ਨੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਲਈ ਪੂਰਨ ਤੌਰ `ਤੇ ਸੁਖਬੀਰ ਸਿੰਘ ਬਾਦਲ ਨੂੰ ਜਿ਼ੰਮੇਵਾਰ ਠਹਿਰਾਉਂਦੇ ਹੋਏ ਅਕਾਲੀ ਦਲ ਬਾਦਲ ਦੇ ਜਾਗਦੀਆਂ ਜ਼ਮੀਰਾਂ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਬਾਦਲ ਪਰਿਵਾਰ ਦਾ ਖਹਿੜਾ ਛੱਡ ਕੇ ਪੰਥ ਦੀਆਂ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੇ ਗਲਬੇ ਤੋਂ ਮੁਕਤ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਾਸੀਆਂ ਨੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੇ ਇਤਿਹਾਸ ਅੰਦਰ ਇਨੀ ਬੁਰੀ ਹਾਰ ਪਹਿਲੀ ਵਾਰ ਹੋਈ ਹੈ।
ਇਥੇ ਜਾਰੀ ਬਿਆਨ ਵਿੱਚ ਦਵਿੰਦਰ ਸਿੰਘ ਸੋਢੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਾਦਲ ਪਰਿਵਾਰ ਦਾ ਬੁਲਾਰਾ ਬਣਕੇ ਹਰ ਸਮੇਂ ਪੈਰਵੀ ਕਰਨ ਦੀ ਬਜਾਏ ਜੇ ਵਾਕਇਆ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਥ ਲਈ ਦਰਦ ਅਤੇ ਚਿੰਤਾ ਹੈ ਤਾਂ ਉਹ ਜਥੇਦਾਰ ਅਕਾਲੀ ਫੁੱਲਾ ਸਿੰਘ ਵਾਂਗ ਹਿੰਮਤ ਵਿਖਾ ਕੇ ਬਾਦਲ ਪਰਿਵਾਰ ਨੂੰ ਪੰਥ ਦੀਆਂ ਸੰਸਥਾਵਾਂ ਤੋਂ ਲਾਂਭੇ ਹੋਣ ਦਾ ਆਦੇਸ਼ ਕਰਨ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ ਪੰਥ ਨਹੀ ਸਗੋਂ ਬਾਦਲ ਪਰਿਵਾਰ ਹਾਰਿਆ ਹੈ। ਇਸ ਲਈ ਇਨ੍ਹਾਂ ਨੂੰ ਪੰਥ ਦੀਆਂ ਸਿਰਮੋਰ ਸੰਸਥਾਵਾਂ ਤੋਂ ਚੱਲਦਾ ਕਰਨਾ ਬੇਹੱਦ ਲਾਜ਼ਮੀ ਹੈ।























