ਗਵਰਨਰ ਪੰਜਾਬ ਵੱਲੋਂ ਜਲੰਧਰ ਵਿਖੇ ਡਾ. ਇਕਬਾਲ ਸਿੰਘ ਨਾਲ ਪਰਿਵਾਰਕ ਮਿਲਣੀ
*ਬਨਵਾਰੀ ਲਾਲ ਪੁਰੋਹਿਤ ਸਾਬਕਾ ਉਪ ਰਾਜਪਾਲ ਪੁਡੂਚੇਰੀ ਦੇ ਗ੍ਰਹਿ ਵਿਖੇ ਪੁੱਜੇ

ਜਲੰਧਰ, 29 ਨਵੰਬਰ (ਵਿਸ਼ਵ ਵਾਰਤਾ ) – ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਸ੍ਰੀ ਬਨਵਾਰੀ ਲਾਲ ਪੁਰੋਹਿੱਤ ਅੱਜ ਆਪਣੀ ਯਾਤਰਾ ਦੌਰਾਨ ਵਿਸ਼ੇਸ਼ ਤੌਰ ’ਤੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਪੁਜੇ। ਲੰਬਾ ਸਮਾਂ ਚਲਦੀ ਰਹੀ ਇਸ ਪ੍ਰਭਾਵਸ਼ਾਲੀ ਪਰਿਵਾਰਕ ਮਿਲਣੀ ਦੌਰਾਨ ਉਕਤ ਸ਼ਖਸ਼ੀਅਤਾਂ ਵੱਲੋਂ ਇਕ ਦੂਜੇ ਦਾ ਹਾਲ-ਚਾਲ ਜਾਣਦੇ ਹੋਏ ਪੁਰਾਤਨ ਯਾਦਾਂ ਨੂੰ ਸਾਂਝਾ ਕੀਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਡਾ. ਸਿੰਘ ਦੀ ਕੁਝ ਦਿਨ ਪਹਿਲਾਂ ਰਾਜਪਾਲ ਸ੍ਰੀ ਪੁਰੋਹਿਤ ਦੇ ਵਿਸ਼ੇਸ਼ ਸੱਦੇ ’ਤੇ ਉਨ੍ਹਾਂ ਨਾਲ ਗਵਰਨਰ ਹਾੳੂਸ ਚੰਡੀਗੜ੍ਹ ਵਿਖੇ ਨਿੱਘੀ ਮਿਲਣੀ ਵੀ ਹੋਈ ਸੀ। ਪੱਤਰਕਾਰਾਂ ਨਾਲ ਬਾਅਦ ਵਿਚ ਗੱਲਬਾਤ ਕਰਦੇ ਹੋਏ ਡਾ. ਸਿੰਘ ਨੇ ਦਸਿਆ ਕਿ ਸ੍ਰੀ ਬਨਵਾਰੀ ਲਾਲ ਪੁਰੋਹਿਤ ਲੰਬਾ ਸਮਾਂ ਕਾਂਗਰਸ ਪਾਰਟੀ ਵਿਚ ਅਤੇ ਪਾਰਲੀਮੈਂਟ ਵਿਚ ਰਹੇ। ਡਾ. ਸਿੰਘ ਨੇ ਪੱਤਰਕਾਰਾਂ ਨਾਲ ਸ੍ਰੀ ਪੁਰੋਹਿਤ ਦੀ ਸ਼ਖਸ਼ੀਅਤ ਬਾਰੇ ਦਸਿਆ ਕਿ ਉਹ ਸਿਆਸਤਦਾਨ ਹੋਣ ਦੇ ਨਾਲ-ਨਾਲ ਸੈਂਟਰਲ ਇੰਡੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੀ ਗਿਣਤੀ ਵਿਚ ਛਪਦੇ ਅਖਬਾਰ ਦੇ ਮੈਨੇਜਿੰਗ ਐਡੀਟਰ ਵੀ ਰਹਿ ਚੁਕੇ ਹਨ। ਸ੍ਰੀ ਪੁਰੋਹਿਤ ਜਦੋਂ ਅਸਾਮ ਦੇ ਗਵਰਨਰ ਸਨ ਉਦੋਂ ਡਾ. ਇਕਬਾਲ ਸਿੰਘ ਕਾਂਗਰਸ ਪਾਰਟੀ ਵੱਲੋਂ ਅਸਾਮ ਵਿਚ ਪਾਰਟੀ ਗਤੀਵਿਧੀਆਂ ਦੇ ਇੰਚਾਰਜ ਵਜੋਂ ਸਰਗਰਮ ਸਨ। ਸ੍ਰੀ ਪੁਰੋਹਿਤ ਪੰਜਾਬ ਆਉਣ ਤੋਂ ਪਹਿਲਾਂ ਤਾਮਿਲਨਾਡੂ ਦੇ ਗਵਰਨਰ ਸਨ, ਜਿਥੇ ਡਾ. ਇਕਬਾਲ ਸਿੰਘ ਦਾ ਲੰਬਾ ਸਮਾਂ ਸਿਆਸੀ ਸਰਗਰਮੀਆਂ ਵਿਚ ਬਤੀਤ ਹੋਇਆ। ਸ੍ਰੀ ਪੁਰੋਹਿਤ ਭਾਵੇਂ ਹੁਣ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹਨ, ਪਰ ਉਕਤ ਦੋਹਾਂ ਸਖਸ਼ੀਅਤਾਂ ਵਿਚ ਪੁਰਾਣੀ ਦੋਸਤੀ ਅੱਜ ਵੀ ਬਰਕਰਾਰ ਹੈ। ਸ੍ਰੀ ਪੁਰੋਹਿੱਤ ਆਪਣੇ ਰੁਝੇਵਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਸਿੰਘ ਨਾਲ ਫਿਰ ਛੇਤੀ ਮਿਲਣ ਦਾ ਵਾਅਦਾ ਕਰਕੇ ਵਾਪਸ ਚਲੇ ਗਏ।






















