ਅਧਿਆਪਕਾਂ, ਮਾਪਿਆਂ ਨੂੰ ਝੱਲਣੀਆਂ ਪਈਆ ਦਿੱਕਤਾਂ

ਮਾਨਸਾ 16 ਮਈ ( ਵਿਸ਼ਵ ਵਾਰਤਾ)-: ਗਰਮੀਆਂ ਦੀਆਂ ਕੀਤੀਆਂ ਅਗੇਤੀਆਂ ਛੁੱਟੀਆਂ ਨੂੰ ਐਨ ਮੌਕੇ ‘ਤੇ ਰੱਦ ਕਰਨ ਤੋਂ ਬਾਅਦ ਸੋਮਵਾਰ ਨੂੰ ਮੁੜ ਖੁੱਲ੍ਹੇ ਸਕੂਲਾਂ ਤੋਂ ਬਾਅਦ ਅਨੇਕਾਂ ਬੱਚਿਆਂ ਦਾ ਮੂਡ ਆਫ ਰਿਹਾ, ਅਧਿਆਪਕਾਂ ਵੱਲ੍ਹੋਂ ਕੀਤੀਆਂ ਗੁਰੂ ਘਰਾਂ ਤੋਂ ਅਪੀਲਾਂ ਤੋਂ ਬਾਅਦ ਮਾਪਿਆਂ ਨੇ ਬੇਸ਼ੱਕ ਮਸਾਂ ਪਲੋਸ ਪਲੋਸ ਬੱਚਿਆਂ ਨੂੰ ਸਕੂਲ ਭੇਜਿਆ, ਇਸ ਦੇ ਬਾਵਜੂਦ ਵਿਦਿਆਰਥੀਆਂ ਦੀ ਗਿਣਤੀ ਪਹਿਲਾ ਨਾਲੋਂ ਘੱਟ ਰਹੀ। ਮਾਪਿਆਂ, ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਈਆਂ।
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾ 15 ਮਈ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਸੀ,ਜਿਸ ਦੇ ਮੱਦੇਨਜ਼ਰ ਅਧਿਆਪਕਾਂ ਨੇ ਵੀ ਸ਼ੁੱਕਰਵਾਰ ਨੂੰ ਬੱਚਿਆਂ ਨੂੰ ਛੁੱਟੀਆਂ ਕਰਦਿਆਂ ਸਕੂਲਾਂ ਨੂੰ ਜਿੰਦੇ ਲਾ ਦਿੱਤੇ ਸਨ,ਪਰ ਬਾਅਦ ਚ ਸਰਕਾਰ ਦੇ ਆਏ ਨਵੇਂ ਫਰਮਾਨ ਨੇ ਅਧਿਆਪਕਾਂ ਦੀਆਂ ਮੁਸੀਬਤਾਂ ਵਧਾ ਦਿੱਤੀਆਂ। ਅਧਿਆਪਕਾਂ ਨੂੰ ਪਿੰਡ ਪਿੰਡ ਗੁਰੂ ਘਰਾਂ ਤੋਂ ਵਿਦਿਆਰਥੀਆਂ ਨੂੰ ਸੋਮਵਾਰ ਤੋਂ ਮੁੜ ਸਕੂਲ ਆਉਣ ਲਈ ਅਪੀਲਾਂ ਕਰਨੀਆਂ ਪਈਆ। ਉਧਰ ਮਾਪਿਆਂ ਦੀ ਨਜ਼ਰ ਚ ਵੀ ਨਵੀਂ ਸਰਕਾਰ ਦੇ ਵਾਰ ਵਾਰ ਬਦਲਦੇ ਫੈਸਲੇ ਮਜ਼ਾਕ ਦਾ ਪਾਤਰ ਬਣੇ। ਮਾਪਿਆਂ ਦਾ ਸਵਾਲ ਸੀ ਕਿ ਹੁਣ ਕਿਹੜਾ ਬਰਫ ਪੈਣ ਲੱਗ ਗਈ।
ਵੱਖ ਵੱਖ ਅਧਿਆਪਕ ਜਥੇਬੰਦੀਆਂ ਦਾ ਕਹਿਣਾ ਸੀ ਕਿ ਪਹਿਲੀਆਂ ਹਕੂਮਤਾਂ ਦੇ ਵਾਂਗ ਨਵੀਂ ਸਰਕਾਰ ਵੀ ਅਜੇ ਤੱਕ ਠੋਸ ਨੀਤੀ ਨਹੀਂ ਬਣਾ ਸਕੀ। ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਅਨੇਕਾਂ ਭਰਤੀਆਂ ਦੇ ਮਾਮਲੇ ਵੀ ਅੱਧ ਵਿਚਾਲੇ ਲਟਕੇ ਪਏ ਹਨ।
ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਲਾਈਆਣਾ ਦਾ ਕਹਿਣਾ ਸੀ ਕਿ ਅਧਿਆਪਕ ਕਿਸੇ ਤਰ੍ਹਾਂ ਦੀਆਂ ਛੁੱਟੀਆਂ ਦੇ ਲਾਲਚੀ ਨਹੀਂ ਹਨ,ਪਰ ਫੈਸਲਿਆਂ ਨੂੰ ਵਾਰ ਵਾਰ ਬਦਲਣਾ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਕੌਝਾ ਮਜ਼ਾਕ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਬਹੁਤੇ ਅਧਿਆਪਕਾਂ ਦਾ ਵੀ ਅਗੇਤੇ ਹੋਈ ਛੁੱਟੀਆਂ ਦੀ ਅਨਾਉਂਸਮੈਂਟ ਤੋਂ ਆਪਣੇ ਪ੍ਰੋਗਰਾਮ ਉਲੀਕ ਲਏ ਸਨ,ਜਿਸ ਨੂੰ ਹੁਣ ਰੱਦ ਕਰਨੇ ਪੈ ਰਹੇ ਹਨ। ਅਧਿਆਪਕ ਆਗੂ ਦਰਸ਼ਨ ਅਲੀਸ਼ੇਰ ਦਾ ਕਹਿਣਾ ਸੀ ਕਿਹਾ ਕਿ ਬੱਚਿਆਂ ਨੂੰ ਜਦੋਂ ਨਿੱਤ ਦਿਨ ਅਜਿਹੇ ਬਦਲਦੇ ਫੈਸਲਿਆਂ ਬਾਰੇ ਦੱਸਿਆ ਜਾਂਦਾ ਹੈ,ਉਹ ਵੀ ਕਹਿੰਦੇ ਮਹਿਸੂਸ ਕਰਦੇ ਨੇ ਕਿ ਮਾਸਟਰ ਜੀ,ਇਕ ਫੈਸਲੇ ‘ਤੇ ਰਹੋ ਨਾ ਜੀ। ਅਧਿਆਪਕਾਂ ਵੱਲ੍ਹੋਂ ਛੁੱਟੀਆਂ ਦੇ ਮੱਦੇਨਜ਼ਰ ਦੂਜੇ ਬੰਨੇ ਡੀ ਟੀ ਐੱਫ ਦੇ ਆਗੂ ਅਮੋਲਕ ਡੇਲੂਆਣਾ ਨੇ ਇਸ ਫੈਸਲਾ ਦਾ ਬੇਸ਼ੱਕ ਸਵਾਗਤ ਕੀਤਾ ਹੈ,ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾ ਹੀ ਕੋਈ ਠੋਸ ਫੈਸਲਾ ਲੈਣਾ ਚਾਹੀਦਾ ਹੈ ਤਾਂ ਕਿ ਵਾਰ ਵਾਰ ਫੈਸਲੇ ਬਦਲਣ ਨਾਲ ਸਕੂਲਾਂ ਦਾ ਮਹੌਲ ਖਰਾਬ ਨਾ ਹੋਵੇ। ਅਧਿਆਪਕ ਆਗੂ ਹਰਦੀਪ ਸਿੱਧੂ ਦਾ ਕਹਿਣਾ ਕਿ ਕਰੋਨਾ ਕਾਰਨ ਵਿਦਿਆਰਥੀਆਂ ਦਾ ਪੜ੍ਹਾਈ ਪੱਖੋਂ ਪਹਿਲਾ ਹੀ ਬਹੁਤ ਨੁਕਸਾਨ ਹੋਇਆ ਹੈ,ਜਿਸ ਕਰਕੇ ਸਰਕਾਰ ਨੂੰ ਹੁਣ ਗੰਭੀਰਤਾ ਨਾਲ ਸਕੂਲਾਂ ਅੰਦਰ ਆਪਣੇ ਸਹੀ ਫੈਸਲਿਆਂ ਨੂੰ ਲਾਗੂ ਕਰਨ ਦੀ ਲੋੜ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਹੁਣ ਮੁੜ ਸਕੂਲ ਖੋਲ੍ਹੇ ਗਏ ਹਨ ਤਾਂ ਵਿਦਿਆਰਥੀਆਂ ਦੀਆਂ ਰਹਿੰਦੀਆਂ ਕਿਤਾਬਾਂ ਦਾ ਵੀ ਤਰੁੰਤ ਪ੍ਰਬੰਧ ਕਰੇ।























