ਖੇਤੀ ਵਿਰੋਧੀ ਕਾਲੇ ਕਨੂੰਨਾਂ ਖਿਲਾਫ ਕਾਲਾ ਝੰਡਾ ਲਹਿਰਾ ਕੇ ਕਿਸਾਨ ਅੰਦੋਲਨ ਨੂੰ ਦਿੱਤਾ ਸਮਰਥਨ-ਐਡਵੋਕੇਟ ਜੋਸ਼ੀ

ਹੁਸ਼ਿਆਰਪੁਰ 26 ਮਈ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਬਣਾਏ ਗਏ ਖੇਤੀ ਵਿਰੋਧੀ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਅਤੇ ਕਿਸਾਨ ਮਜਦੂਰ ਏਕਤਾ ਦੇ ਹੱਕ ਵਿੱਚ ਹੁਸ਼ਿਆਰਪੁਰ ਵਿਖੇ ਕਾਲੇ ਝੰਡੇ ਲਹਿਰਾਕੇ ਕਾਲਾ ਦਿਵਸ ਮਨਾਇਆ ਗਿਆ ਅਤੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ।ਇਸ ਮੌਕੇ ਤੇ ਜਿਲਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਖੇਤੀ ਪ੍ਰਧਾਨ ਦੇਸ਼ ਵਿੱਚ ਇਸ ਤਰਾਂ ਦੇ ਖੇਤੀ ਵਿਰੋਧੀ ਕਨੂੰਨ ਜਬਰੀ ਥੋਪ ਕੇ ਮੋਦੀ ਸਰਕਾਰ ਕਿਸਾਨਾਂ ਅਤੇ ਮਜਦੂਰਾਂ ਨਾਲ ਧੋਖਾ,ਜੁਲਮ ਕਰ ਰਹੀ ਹੈ,ਜਿਸ ਨਾਲ ਕਿਸਾਨਾਂ ਅਤੇ ਮਜਦੂਰਾਂ ਦੀ ਹਾਲਤ ਹੋਰ ਮਾੜੀ ਹੋ ਜਾਵੇਗੀ।ਉਨਾਂ ਕਿਹਾ ਅੰਬਾਨੀ,ਅਡਾਨੀ ਵਰਗੇ ਘਰਾਣਿਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਕਿਸਾਨਾਂ,ਮਜਦੂਰਾਂ ਦਾ ਗਲਾ ਘੁੱਟ ਰਹੀ ਹੈ,ਜਿਸਨੂੰ ਕਿਸਾਨ,ਮਜਦੂਰ,ਵਪਾਰੀ ਅਤੇ ਹੋਰ ਕੋਈ ਵੀ ਵਰਗ ਬਰਦਾਸ਼ਤ ਨਹੀਂ ਕਰੇਗਾ।ਉਨਾਂ ਕਿਹਾ ਕਿਸਾਨਾਂ ਮਜਦੂਰਾਂ ਦਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਬਹੁਤ ਪੁਰਾਣੀ ਹੈ ਜਿਸਨੂੰ ਇਹ ਖੇਤੀ ਵਿਰੋਧੀ ਕਾਲੇ ਕਨੂੰਨ ਖਤਮ ਨਹੀਂ ਕਰ ਸਕਦੇ।ਇਸ ਮੌਕੇ ਤੇ ਸਰਪੰਚ ਨਰਵੀਰ ਨੰਦੀ,ਸਰਪੰਚ ਸੁਦੇਸ਼ ਸ਼ੇਰਗੜ,ਸਰਪੰਚ ਕੁਲਵੰਤ ਸਿੰਘ,ਸੰਜੇ ਸ਼ਰਮਾ ਆਦਿ ਹਾਜਰ ਸਨ।






















