ਦੇਸ਼ ਵਿੱਚ ਆਜ਼ਾਦੀ ਦੀ ਦੂਸਰੀ ਲੜਾਈ ਪੰਜਾਬੀ ਕਿਸਾਨਾਂ ਨੇ ਸ਼ੁਰੂ ਕੀਤੀ-ਜੋਗਿੰਦਰ ਯਾਦਵ
ਮੋਦੀ ਸਰਕਾਰ ‘ਚੋਂ ਪਹਿਲੀ ਵਿਕਟ ਬਾਦਲਾਂ ਦੀ ਡਿੱਗੀ,ਦੂਜੀ ਦੁਸ਼ਾਂਤ ਚੌਟਾਲਾ ਦੀ ਡਿੱਗਣ ਵਾਲੀ
ਮਾਨਸਾ 25 ਸਤੰਬਰ (ਵਿਸ਼ਵ ਵਾਰਤਾ)-ਖੇਤੀ ਬਿਲਾਂ ਦੇ ਵਿਰੋਧ ਵਿੱਚ ਇਥੇ ਆਲ ਇੰਡੀਆ ਕਿਸਾਨ ਸੰਗਠਨ ਦੇ ਕੁਆਰਡੀਨੇਟਰ ਜੋਗਿੰਦਰ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਆਜ਼ਾਦੀ ਦੀ ਦੂਸਰੀ ਲੜਾਈ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤੀ ਹੈ,ਜਿਸਦੀ ਪਹਿਲੀ ਵਿਕਟ ਦੇ ਤੌਰ ‘ਤੇ ਅਕਾਲੀ ਦਲ ਨੂੰ ਮੋਦੀ ਸਰਕਾਰ ਤੋਂ ਬਾਹਰ ਨਿੱਕਲਣ ਲਈ ਮਜ਼ਬੂਰ ਕਰ ਦਿੱਤਾ ਹੈ ਅਤੇ ਅਕਾਲੀ ਦਲ ਦੀ ਕੇਂਦਰੀ ਕੈਬਨਿਟ ਵਿੱਚ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਹੈ। ਉਨ੍ਹਾਂ ਕਿਹਾ ਕਿ ਦੂਸਰੀ ਵਿਕਟ ਦੇ ਤੌਰ ‘ਤੇ ਹਰਿਆਣਾ ਵਿੱਚ ਦੁਸ਼ਾਂਤ ਚੌਟਾਲਾ ਨੂੰ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਬੀਜੇਪੀ ਸਰਕਾਰ ਤੋਂ ਬਾਹਰ ਹੋਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੇਕਰ ਇਹ ਖੇਤੀ ਵਿਰੋਧੀ ਆਰਡੀਨੈਂਸ ਜਲਦੀ ਵਾਪਸ ਨਾ ਲਏ ਗਏ ਤਾਂ ਮੋਦੀ ਸਰਕਾਰ ਦੀ ਵਿਕਟ ਵੀ ਕਿਸਾਨ ਜਲਦੀ ਹੀ ਪੁੱਟ ਦੇਣਗੇ। ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਭਰ ਦੇ ਦੂਸਰੇ ਰਾਜਾਂ ਦੇ ਸਮਰਥਨ ਵਜੋਂ ਚਿੰਨ੍ਹ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਦਿੱਤੇ ਗਏ।
ਇਸੇ ਤਰ੍ਹਾਂ ਵੱਖ-ਵੱਖ ਥਾਵਾਂ ‘ਤੇ ਹੋਏ ਇਕੱਠਾਂ ਨੂੰ ਕਾਮਰੇਡ ਹਰਦੇਵ ਅਰਸ਼ੀ,ਰੁਲਦੂ ਸਿੰਘ,ਐਡਵੋਕੇਟ ਗੁਰਲਾਭ ਸਿੰਘ ਮਾਹਲ,ਮੁਨੀਸ਼ ਬੱਬੀਦਾਨੇਵਾਲੀ,ਸੁਰੇਸ਼ ਨੰਦਗੜ੍ਹੀਆ,ਗੁਰਸੇਵਕ ਸਿੰਘ ਜਵਾਹਰਕੇ,ਜਸਬੀਰ ਕੌਰ ਨੱਤ,ਬਲਵੀਰ ਕੌਰ,ਮਨਜੀਤ ਸਿੰਘ,ਸੁਖਦਰਸ਼ਨ ਨੱਤ,ਰਾਜਵਿੰਦਰ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ।