ਖੇਤੀ ਟੈਕਨੋਕਰੇਟ ਵੱਲੋਂ ਮੰਗਾਂ ਵਾ ਮੰਨਣ ਤੇ ਸੰਘਰਸ਼ ਤੇਜ ਕਰਨ ਦੀ ਚਿਤਾਵਨੀ

ਮੋਹਾਲੀ 4 ਮਈ : ਐਗਰੀਕਲਚਰ ਟੈਕਨੋਕਰੇਟ ਐਕਸ਼ਨ ਕਮੇਟੀ (ਐਗਟੈਕ) ਮੁੱਖ ਦਫਤਰ, ਮੋਹਾਲੀ ਵਿਖੇ ਸਾਰੇ ਟੈਕਨੋਕਰੇਟਸ ਦੀ ਸਾਂਝੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਾ ਗੁਰਵਿੰਦਰ ਸਿੰਘ, ਚੇਅਰਮੈਨ ਐਗਟੈਕ ਵੱਲੋਂ ਕੀਤੀ ਗਈ। ਇਸ ਮੀਟਿੰਗ ਦੌਰਾਨ ਡਾ ਬਲਦੇਵ ਸਿੰਘ ਸੰ:ਡਾ:ਇਨਪੁਟਸ ਡਾ ਅਰਵਿੰਦਰ ਸਿੰਘ ਸੰ:ਡਾ:ਖਬ (ਨਕਦੀ ਫਸਲਾਂ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਭਾਗ ਦੇ ਵੱਖ ਵੱਖ ਕੇਡਰਾਂ ਦੀਆਂ ਤਰੱਕੀਆਂ ਵਿੱਚ ਬੇਲੋੜੀ ਰੁਕਾਵਟ ਵਿਭਾਗ ਦੇ ਕੰਮ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਖੇਤੀਬਾੜੀ ਅਧਿਕਾਰੀਆਂ ਵਿੱਚ ਇਸ ਸਬੰਧੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਵਿਭਾਗ ਵਿੱਚ ਬੈਠੀਆਂ ਕੁਝ ਖੇਤੀ/ਕਿਸਾਨ ਵਿਰੋਧੀ ਸ਼ਕਤੀਆਂ ਇਹ ਕੰਮ ਰੋਕ ਕੇ ਖੇਤੀ ਵਿਕਾਸ ਦੇ ਕੰਮ ਵਿੱਚ ਯੋਜਨਾਬੱਧ ਤਰੀਕੇ ਨਾਲ ਰੁਕਾਵਟ ਪਾ ਰਹੀਆਂ ਹਨ। ਖੇਤੀਬਾੜੀ ਅਫਸਰ ਕੇਡਰ ਦੇ ਡਾ ਅਨਿਲ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਸਰਕਾਰ ਵਿਭਾਗੀ ਤਰੱਕੀਆਂ ਸਮੇਂ ਸਿਰ ਨਹੀਂ ਕਰਦੀ ਤਾਂ ਖੇਤੀ ਟੈਕਨੋਕਰੇਟ ਸੰਘਰਸ਼ ਦੇ ਰਾਹ ਤੇ ਤੁਰਨ ਨੂੰ ਮਜ਼ਬੂਰ ਹੋਣਗੇ। ਡਾ ਬੇਅੰਤ ਸਿੰਘ, ਜਨਰਲ ਸਕੱਤਰ, ਪੀ ਡੀ ਐਸ ਏ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਕੋਵਿਡ 19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਿਰਤੋੜ ਯਤਨ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਇਸ ਸਮੇਂ ਵਿੱਚ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਖੇਤੀ ਇੰਨਪੁਟਸ ਨੂੰ ਉਹਨ੍ਹਾਂ ਦੇ ਪਿੰਡਾਂ ਤੱਕ ਪਹੁੰਚਾ ਰਹੇ ਹਨ।
ਚੇਅਰਮੈਨ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਖੇਤੀ ਟੈਕਨੋਕਰੇਟਸ ਨੂੰ ਇੱਕਠੇ ਹੋ ਕੇ ਹੰਬਲਾ ਮਾਰਨ ਦੀ ਲੋੜ ਹੈ ਅਤੇ ਉਹਨ੍ਹਾਂ ਇਹ ਵੀ ਕਿਹਾ ਕਿ ਕੁਝ ਅਧਿਕਾਰੀਆਂ ਵੱਲੋਂ ਖੇਤੀ ਟੈਕਨੋਕਰੇਟਸ ਨਾਲ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਸਬੰਧੀ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਤਰ੍ਹਾਂ ਦਾ ਵਤੀਰਾ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੰਤ ਵਿੱਚ ਸਮੂਹ ਟੈਕਨੋਕਰੇਟਸ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਕੱਲ ਮਿਤੀ 05/05/2021 ਤੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇੱਕ ਮੈਮੋਰੰਡਮ ਡਾਇਰੈਕਟਰ ਖੇਤੀਬਾੜੀ, ਪੰਜਾਬ ਨੂੰ ਸੋਂਪਿਆ ਜਾਵੇਗਾ ਅਤੇ ਤਰੱਕੀਆਂ ਨਾ ਹੋਣ ਦੀ ਸੂਰਤ ਵਿੱਚ ਮਿਤੀ 20/05/2021 ਨੂੰ ਜਿਲ੍ਹਾ ਪੱਧਰੀ ਧਰਨੇ ਅਤੇ ਕਲਮਛੋੜ ਹੜਤਾਲ ਕੀਤੀ ਜਾਵੇਗੀ। ਸਮੂਹ ਟੈਕਨੋਕਰੇਟਸ ਨੂੰ ਅਪੀਲ ਕੀਤੀ ਗਈ ਕਿ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਸ ਮੌਕੇਡਾ ਸੁਖਬੀਰ ਸਿੰਘ ਸੰਧੂ, ਪ੍ਰਧਾਨ, ਪੀਡੀਐਸਏ,ਡਾ ਕ੍ਰਿਪਾਲ ਸਿੰਘ, ਪ੍ਰਧਾਨ, ਖੇਤੀਬਾੜੀ ਅਫਸਰ ਯੂਨੀਅਨ ਅਤੇ ਡਾ ਸੁਸ਼ੀਲ ਕੁਮਾਰ, ਪ੍ਰਧਾਨ, ਡਿਪਟੀ ਡਾਇਰੈਕਟਰ ਖੇਤੀਬਾੜੀ ਯੂਨੀਅਨ ਵੱਲੋਂ ਵੀ ਮੀਟਿੰਗ ਵਿੱਚ ਆਨਲਾਈਨ ਹੋ ਕੇ ਲਏ ਗਏ ਫੈਸਲਿਆਂ ਦਾ ਸਮਰਥਨ ਕੀਤਾ ਗਿਆ।






















