ਖੇਤੀ ਖੇਤਰ ਦੇ ਸੰਕਟ ਬਾਰੇ ਕਿਸਾਨ ਯੂਨੀਅਨ (ਡਕੌਂਦਾ) ਨੇ
7 ਮਈ ਨੂੰ ਸੱਦੀ ਸੂਬਾਈ ਕਨਵੈਨਸ਼ਨ
ਪੰਜਾਬ ਦੀ ਖੇਤੀ ਨੀਤੀ ‘ਤੇ ਹੋਵੇਗੀ ਚਰਚਾ
ਪ੍ਰਸਿੱਧ ਪੱਤਰਕਾਰ ਪੀ. ਸਾਈਨਾਥ ਦੇਣਗੇ ਕੁੰਜੀਵਤ ਭਾਸ਼ਣ
ਚੰਡੀਗੜ੍ਹ 28 ਅਪ੍ਰੈਲ (ਵਿਸ਼ਵ ਵਾਰਤਾ):-
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ) ਨੇ ਪੰਜਾਬ ਦੇ ਖੇਤੀ ਸੰਕਟ ਨੂੰ ਮੁੱਖ ਰੱਖਦਿਆਂਂ ਸੂਬਾਈ ਕਨਵੈਨਸ਼ਨ ਸੱਦੀ ਹੈ। ਜਥੇਬੰਦੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀਬਾੜੀ ਦਾ ਸੰਕਟ ਗਹਿਰਾ ਹੋ ਰਿਹਾ ਹੈ। ਹਾਕਮ ਹਰ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਕੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਤੇ ਤੁਲੇ ਹੋਏ ਹਨ। ਇਹਨਾਂ ਲੋਕ ਵਿਰੋਧੀ ਨੀਤੀਆਂ ਕਾਰਨ ਡੂੰਘੇ ਹੋ ਰਹੇ ਖੇਤੀ ਖੇਤਰ ਦੇ ਸੰਕਟ ਨੂੰ ਵਿਸਥਾਰ ਵਿੱਚ ਸਮਝਣ, ਚੁਣੌਤੀਆਂ ਅਤੇ ਸੰਭਾਵਨਾਵਾਂ ਨੂੰ ਟਿੱਕਣ ਲਈ ਜਥੇਬੰਦੀ ਵੱਲੋਂ 7 ਮਈ 2023 ਨੂੰ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸੂਬਾਈ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਸਿੱਧ ਪੱਤਰਕਾਰ ਪੀ ਸਾਈਨਾਥ ਕੁੰਜੀਵਤ ਭਾਸ਼ਣ ਦੇਣਗੇ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਬੀਕੇਯੂ ਏਕਤਾ ਡਕੌਂਦਾ ਵੱਲੋਂ ਤਿਆਰ ਕੀਤੀ ਗਈ ਖੇਤੀ ਨੀਤੀ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਹ ਖੇਤੀ ਨੀਤੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ 22 ਮਾਰਚ ਨੂੰ ਸੌਂਪੀ ਜਾ ਚੁੱਕੀ ਹੈ।
ਆਗੂਆਂ ਨੇ ਸਾਰੀਆਂ ਕਿਸਾਨ, ਮਜ਼ਦੂਰ ਅਤੇ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੂੰ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਵਰਨਣਯੋਗ ਹੈ ਕਿ ਪੱਤਰਕਾਰ ਪੀ ਸਾਈਨਾਥ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਮੁੱਖ ਸੰਪਾਦਕ ਹਨ।