ਮਾਨਸਾ 7 ਅਕਤੂਬਰ( ਵਿਸ਼ਵ ਵਾਰਤਾ)-: ਪੰਜਾਬ ਦੀਆਂ 31 ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਰਾਜ ਵਿਛ ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਚੱਲ ਰਹੇ ਅੰਦੋਲਨ ਲਈ ਮੀਟਿੰਗ ਸੱਦੀ ਹੋਈ ਹੈ। ਇਸ ਇਕੱਤਰਤਾ ਦੌਰਾਨ ਪਹਿਲੀ ਅਕਤੂਬਰ ਤੋਂ ਪੰਜਾਬ ਵਿੱਚ ਆਰੰਭ ਹੋਏ ਸੰਘਰਸ਼ ਦੀ ਪੜਚੋਲ ਅਤੇ ਅਗਲੀ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ। ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਵਲੋਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਰਾਕੇਸ਼ ਕੁਮਾਰ ਅੱਗਰਵਾਲ ਵਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਭੇਜੇ ਸੱਦੇ ਸਬੰਧੀ ਵੀ ਮਾਮਲੇ ਨੂੰ ਵਿਚਾਰਿਆ ਜਾਵੇਗਾ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ( ਮਾਨਸਾ) ਦੇ ਸੂਬਾਈ ਆਗੂ ਬੋਘ ਸਿੰਘ ਨੇ ਦੱਸਿਆ ਕਿ ਉਹ ਮੀਟਿੰਗ ਲਈ ਚੰਡੀਗੜ੍ਹ ਪੁੱਜ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੰਘਰਸ਼ ਦਾ ਨਵਾਂ ਰੂਪ, ਅਗਲੀਆਂ ਅੰਦੋਲਨੀ ਵਿਉਂਤਬੰਦੀਆਂ , ਕੇਂਦਰ ਨਾਲ ਗੱਲਬਾਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 29 ਸਤੰਬਰ ਨੂੰ ਹੋਈ ਗੱਲਬਾਤ ਦੌਰਾਨ ਕੀਤੇ ਵਾਅਦਿਆਂ ਸਬੰਧੀ ਨਵੀਂ ਪੁਜੀਸ਼ਨ ਪ੍ਰਤੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ।























