ਆਈਐਮਐਫ ਤੇ ਵਿਸ਼ਵ ਵਪਾਰ ਸੰਸਥਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਬੰਦ ਕਰਨ – ਮੀਨਾ ਤਿਵਾੜੀ

ਟਿਕਰੀ, 18/01/2021 ( ਵਿਸ਼ਵ ਵਾਰਤਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮਨਾਏ ਗਏ ਕਿਸਾਨ ਔਰਤ ਦਿਵਸ ਮੌਕੇ ਅੱਜ ਇਥੇ ਹਜ਼ਾਰਾਂ ਔਰਤਾਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ ਅਤੇ ਆਈਐਮਐਫ – ਡਬਲਿਊਟੀਓ ਦਾ ਪੁਤਲਾ ਸਾੜਿਆ ਗਿਆ। ਇਸ ਇੱਕਠ ਵਿੱਚ ਪੰਜਾਬ, ਹਰਿਆਣਾ, ਬਿਹਾਰ, ਕਰਨਾਟਕ, ਮਹਾਂਰਾਸ਼ਟਰ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਪਹੁੰਚੀਆਂ ਔਰਤਾਂ ਸ਼ਾਮਲ ਹੋਈਆਂ।
ਪੁਤਲਾ ਸਾੜਨ ਮੌਕੇ ਕੀਤੀ ਗਈ ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੀ ਪ੍ਰਮੁੱਖ ਆਗੂ ਜਸਬੀਰ ਕੌਰ ਨੱਤ, ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੌਮੀ ਜਨਰਲ ਸਕੱਤਰ ਮੀਨਾ ਤਿਵਾੜੀ, ਕੌਮੀ ਕਾਰਜਕਾਰਨੀ ਦੀ ਮੈਂਬਰ ਪ੍ਰੋਫੈਸਰ ਸੁਧਾ ਚੌਧਰੀ (ਰਾਜਸਥਾਨ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਆਗੂ ਗੀਤਾ ਕੁਮਾਰੀ (ਹਰਿਆਣਾ), ਟ੍ਰੇਡ ਯੂਨੀਅਨ ਆਗੂ ਕਾਮਰੇਡ ਲੇਖਾ ਆਡੁਵੀ (ਕਰਨਾਟਕ), ਪੰਜਾਬੀ ਥੇਟਰ ਤੇ ਫਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਅਨੀਤਾ ਸ਼ਬਦੀਸ਼, ਲੋਕਾਇਤ ਆਗੂ (ਕਰਨਾਟਕ) ਨੇ ਸੰਬੋਧਨ ਕੀਤਾ। ਇੰਨਾਂ ਔਰਤ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਕਨੈਡਾ ਦਾ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਨੇਕ ਸਲਾਹ ਦਿੰਦਾ ਹੈ, ਤਾਂ ਮੋਦੀ ਸਰਕਾਰ ਇਸ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਨਜ਼ਾਇਜ਼ ਦਖਲ ਕਰਾਰ ਦਿੰਦੀ ਹੈ, ਪਰ ਜਦੋਂ ਆਈਐਮਐਫ ਦਾ ਬੁਲਾਰਾ ਇੰਨਾਂ ਕਿਸਾਨ ਦੋਖੀ ਖੇਤੀ ਕਾਨੂੰਨਾਂ ਨੂੰ ਬਹੁਤ ਲਾਹੇਵੰਦ ਕਰਾਰ ਦੇ ਕੇ ਇੰਨਾਂ ਦਾ ਖੁੱਲ੍ਹਾ ਸਮਰਥਨ ਕਰਦਾ ਹੈ, ਤਾਂ ਮੋਦੀ ਸਰਕਾਰ ਇਸ ਦਖ਼ਲ ‘ਤੇ ਬੜੀ ਖੁਸ਼ ਹੁੰਦੀ ਹੈ। ਪਰ ਅਸੀਂ ਭਾਰਤ ਦੀਆਂ ਕਿਸਾਨ ਔਰਤਾਂ ਅੱਜ ਪੁਤਲਾ ਫੂਕ ਕੇ ਆਈਐਮਐਫ, ਡਬਲਿਊਟੀਓ ਅਤੇ ਸੰਸਾਰ ਬੈਂਕ ਵਰਗੀਆਂ ਬਹੁਕੌਮੀ ਕਾਰਪੋਰੇਟ ਕੰਪਨੀਆਂ ਦੀਆਂ ਕੱਠਪੁਤਲੀਆਂ ਸੰਸਥਾਵਾਂ ਨੂੰ ਚੇਤਾਵਨੀ ਦਿੰਦੀਆਂ ਹਾਂ ਕਿ ਅਗਰ ਉਨ੍ਹਾਂ ਭਾਰਤ ਦੇ ਅੰਦਰੂਨੀ ਤੇ ਨੀਤੀਗਤ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਬੰਦ ਨਾ ਕੀਤੀ, ਤਾਂ ਅੰਬਾਨੀ ਅਡਾਨੀ ਦੇ ਅਦਾਰਿਆਂ ਵਾਂਗ ਇੰਨਾਂ ਸੰਸਥਾਵਾਂ ਦੇ ਦਫਤਰਾਂ ਦੇ ਘਿਰਾਓ ਕਰਨ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ।
ਪ੍ਰਦਰਸ਼ਨਕਾਰੀ ਔਰਤਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਵਲੋਂ ਅਪਣੀ ਹੈਂਕੜ ਤੇ ਜ਼ਿਦ ਨੂੰ ਛੱਡ ਕੇ ਇੰਨਾਂ ਕਾਰਪੋਰੇਟ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਨਾ ਕੀਤਾ ਗਿਆ, ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਸਮੇਤ ਦੇਸ਼ ਦੀ ਲੱਖਾਂ ਔਰਤਾਂ ਦੇਸ਼ ਦੇ ਸਾਰੇ ਪਿੰਡਾਂ ਸ਼ਹਿਰਾਂ ਤੇ ਗਲੀ ਮੁਹੱਲਿਆਂ ਵਿੱਚ ਹਰ ਘਰ ਤੱਕ ਪਹੁੰਚ ਕਰਕੇ ਬੀਜੇਪੀ – ਆਰ ਐੱਸਐੱਸ ਦਾ ਪਰਦਾਫਾਸ਼ ਮੁਹਿੰਮ ਆਰੰਭ ਕਰਨਗੀਆਂ।






















