– ਕਿਸਾਨਾਂ ਵੱਲੋਂ ਖਾਦਾਂ ਦੀ ਵਰਤੋਂ ਵਿਭਾਗ ਦੀ ਸਲਾਹ ਮੁਤਾਬਕ ਕੀਤੀ ਜਾਵੇ-ਵਧੀਕ ਮੁੱਖ ਸਕੱਤਰ
ਚੰਡੀਗੜ, 6 ਜੂਨ (ਵਿਸ਼ਵ ਵਾਰਤਾ)- ਸੂਬੇ ਵਿੱਚ ਖਾਦਾਂ ਦੀ ਬੇਲੋੜੀ ਵਰਤੋਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਨੂੰ ਆਦੇਸ਼ ਦਿੱਤੇ ਕਿ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਸੰਜਮ ਤੇ ਸੁਚੱਜੇ ਢੰਗ ਨਾਲ ਕਰਨ ਲਈ ਜਾਗਰੂਕਤਾ ਮੁਹਿੰਮ ’ਚ ਹੋਰ ਤੇਜ਼ੀ ਲਿਆਂਦੀ ਜਾਵੇ।
ਇਸ ਸਬੰਧੀ ਵਧੀਕ ਮੁੱਖ ਸਕੱਤਰ ਵਿਕਾਸ ਸ੍ਰੀ ਵਿਸਵਾਜੀਤ ਖੰਨਾ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੇ ਮੱਦੇਨਜ਼ਰ ਹੇਠਲੇ ਪੱਧਰ ਤੱਕ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਜਿਸ ਨਾਲ ਕਿਸਾਨਾਂ ਦਾ ਲਾਗਤ ਖਰਚਾ ਘਟਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਕਿਸਾਨ ਸਿਖਲਾਈ ਕੈਂਪ ਅਤੇ ਇਸ਼ਤਿਹਾਰੀ ਮੁਹਿੰਮ ਰਾਹੀਂ ਕਿਸਾਨਾਂ ਨੂੰ ਵਿਸਥਾਰਤ ਜਾਣਕਾਰੀ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸ੍ਰੀ ਖੰਨਾ ਨੇ ਕਿਸਾਨਾਂ ਨੂੰ ਵੀ ਸਾਉਣੀ ਰੁੱਤ ਦੇ ਮੱਦੇਨਜ਼ਰ ਖੇਤੀਬਾੜੀ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਦਿੱਤੀ ਜਾਂਦੀ ਸਲਾਹ ’ਤੇ ਗੌਰ ਕਰਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਜਿੱਥੇ ਦੀ ਫਸਲ ਦੀ ਪੈਦਾਵਾਰ ਵਧੇਗੀ, ਉਥੇ ਹੀ ਜ਼ਮੀਨ ਦੀ ਸਿਹਤ ’ਚ ਵੀ ਸੁਧਾਰ ਹੋਵੇਗਾ।
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਿਨਾਂ ਖੇਤਾਂ ਵਿੱਚ ਪਹਿਲਾਂ ਹਾੜੀ ਦੌਰਾਨ ਕਣਕ ਦੀ ਫਸਲ ਬੀਜੀ ਗਈ ਸੀ ਅਤੇ ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਪੂਰੀ ਡੀ.ਏ.ਪੀ. ਪਾਈ ਗਈ ਸੀ, ਉਨਾਂ ਖੇਤਾਂ ਵਿੱਚ ਬੀਜੀਆਂ ਜਾਣ ਵਾਲੀਆਂ ਸਾਉਣੀ ਦੀਆਂ ਫਸਲਾਂ ਭਾਵ ਝੋਨਾ, ਨਰਮਾ, ਮੱਕੀ ਆਦਿ ਨੂੰ ਡੀ.ਏ.ਪੀ.ਖਾਦ ਪਾਉਣ ਦੀ ਲੋੜ ਨਹੀਂ ਹੈ। ਫਸਲਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਭੌਂ ਪਰਖ ਕਰਵਾ ਕੇ ਭੂਮੀ ਸਿਹਤ ਕਾਰਡ ਵਿੱਚ ਦਰਜ ਕੀਤੇ ਅਨੁਸਾਰ ਹੀ ਡੀ.ਏ.ਪੀ. ਖਾਦ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਫਸਲ ਦੀ ਲਾਗਤ ਘਟਦੀ ਹੈ। ਇਸੇ ਤਰਾਂ ਝੋਨੇ ਦੀ ਫਸਲ ਦੀ ਬਿਜਾਈ ਤੋਂ ਪਹਿਲਾਂ ਹਰੀ ਖਾਦ ਦੀ ਫਸਲ (ਢੈਂਚਾ) ਦੀ ਬਿਜਾਈ ਕੀਤੀ ਜਾਵੇ ਅਤੇ ਪਨੀਰੀ ਟ੍ਰਾਂਸਪਲਾਂਟ ਕਰਨ ਤੋਂ ਪਹਿਲਾਂ ਇਸ ਫਸਲ ਨੂੰ ਖੇਤ ਵਿੱਚ ਹੀ ਵਾਹ ਦਿੱਤਾ ਜਾਵੇ ਜਿਸ ਨਾਲ ਨਾਈਟ੍ਰੋਜਨ ਖਾਦ ਦੀ ਮਾਤਰਾ ਅੱਧੀ ਘੱਟ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਛੋਟੇ ਤੱਤਾਂ ਦੀ ਘਾਟ ਵੀ ਫਸਲਾਂ ਵਿੱਚ ਨਹੀਂ ਆਉਂਦੀ ਹੈ। ਜੇਕਰ ਕਿਸਾਨ ਆਪਣੇ ਫਸਲੀ ਚੱਕਰ ਵਿੱਚ ਦਾਲਾਂ ਦੀ ਕਾਸ਼ਤ ਸ਼ਾਮਲ ਕਰ ਲੈਂਦੇ ਹਨ ਤਾਂ ਇਸ ਨਾਲ ਨਾਈਟ੍ਰੋਜਨ ਖਾਦਾਂ ਦੀ ਮੰਗ ਤੀਜਾ ਹਿੱਸਾ ਘਟਾਈ ਜਾ ਸਕਦੀ ਹੈ ਅਤੇ ਇਸ ਦੇ ਨਾਲ ਭੂਮੀ ਦੀ ਸਿਹਤ ਵਿੱਚ ਸੁਧਾਰ ਵੀ ਆਉਂਦਾ ਹੈ।
ਖੇਤੀਬਾੜੀ ਵਿਭਾਗ ਅਨੁਸਾਰ ਨਵੀਆਂ ਤਕਨੀਕਾਂ ਤੇ ਵੱਧ ਫਸਲੀ ਘਣਤਾ ਹੋਣ ਕਰਕੇ ਇਕ ਫਸਲ ਤੋਂ ਵੱਧ ਤੋਂ ਵੱਧ ਝਾੜ ਲੈਣ ਲਈ ਕਿਸਾਨਾਂ ਵੱਲੋਂ ਵੱਖ-ਵੱਖ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਵਾਰ ਕਿਸਾਨ ਵੱਲੋਂ ਉਤਪਾਦਨ ਵਧਾਉਣ ਅਤੇ ਵੇਖਾ-ਵੇਖੀ ਖਾਦਾਂ ਦੀ ਬੇਲੋੜੀ ਵਰਤੋਂ ਕਰ ਲਈ ਜਾਂਦੀ ਹੈ। ਇਸ ਨਾਲ ਜ਼ਮੀਨ ਦੀ ਸਿਹਤ ’ਤੇ ਮਾੜਾ ਅਸਰ ਹੋਣ ਤੋਂ ਇਲਾਵਾ ਕਿਸਾਨ ਦਾ ਲਾਗਤ ਖਰਚਾ ਵੀ ਵਧ ਜਾਂਦਾ ਹੈ। ਉਨਾਂ ਕਿਹਾ ਕਿ ਕਿਸਾਨਾਂ ਵੱਲੋਂ ਵੱਧ ਖਾਦਾਂ ਵਰਤਣ ਕਰਕੇ ਫਸਲਾਂ ਨੂੰ ਕਈ ਤਰਾਂ ਦੀਆਂ ਬਿਮਾਰੀਆਂ ਤੇ ਹਾਨੀਕਾਰਕ ਕੀੜੇ ਪੈਣ ਹੋਣ ਦਾ ਖਦਸ਼ਾ ਵਧ ਜਾਂਦਾ ਹੈ ਜਿਸ ਕਰਕੇ ਕਿਸਾਨ ਨੂੰ ਫਾਇਦਾ ਹੋਣ ਦੀ ਬਜਾਏ ਉਲਟਾ ਨੁਕਸਾਨ ਉਠਾਉਣਾ ਪੈ ਜਾਂਦਾ ਹੈ।