ਖੇਡ ਲਿਖਾਰੀ ਨਵਦੀਪ ਸਿੰਘ ਗਿੱਲ ਦਾ ਬਟਾਲਾ ਵਿਚ ਸਨਮਾਨ

ਬਟਾਲਾ 21 ਨਵੰਬਰ (ਵਿਸ਼ਵ ਵਾਰਤਾ):-ਸਿਟੀਜ਼ਨ ਸੋਸ਼ਲ ਵੈੱਲਫੇਅਰ ਫੋਰਮ (ਰਜਿ.) ਬਟਾਲਾ ਵੱਲੋਂ ਅੱਜ ਸਵੇਰੇ ਉੱਘੇ ਖੇਡ ਪੱਤਰਕਾਰ ਸ. ਨਵਦੀਪ ਸਿੰਘ ਗਿੱਲ ਨੂੰ ਅਰਬਨ ਐਸਟੇਟ ਬਟਾਲਾ ਵਿਖੇ ਉਨ੍ਹਾਂ ਦੀਆਂ ਖੇਡ ਖੇਤਰ ਵਿੱਚ ਵਿਸ਼ੇਸ਼ ਲਿਖਤਾਂ ਲਿਖਣ ਬਦਲੇ ਸਨਮਾਨਿਤ ਕੀਤਾ ਗਿਆ।
ਸ. ਨਵਦੀਪ ਸਿੰਘ ਗਿੱਲ ਪੰਜਾਬ ਸਰਕਾਰ ਵਿੱਚ ਚੰਡੀਗ੍ਹ ਵਿਖੇ ਲੋਕ ਸੰਪਰਕ ਅਫ਼ਸਰ ਹਨ ਅਤੇ ਇਸੇ ਸਾਲ ਉਨ੍ਹਾਂ ਦੀਆਂ ਤਿੰਨ ਮਹੱਤਵ ਪੂਰਨ ਪੁਸਤਕਾਂ ਉੱਡਣਾ ਬਾਜ਼, ਟੋਕੀਓ ਉਲੰਪਿਕਸ ਦੇ ਹਾਕੀ ਸਿਤਾਰੇ ਅਤੇ ਗੋਲਡਨ ਬੁਆਏ ਚੋਪੜਾ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਮਾਨ ਹੋਈਆਂ ਹਨ।
ਸਿਟੀਜ਼ਨ ਫੋਰਮ ਦੇ ਸੰਚਾਲਕ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਤੇ ਪ੍ਰਿੰਸੀਪਲ ਕੁਲਵੰਤ ਕੌਰ ਨੂੰ ਨਵਦੀਪ ਨੇ ਆਪਣੀ ਸੱਜਰੀ ਪੁਸਤਕ ‘ਉੱਡਣ ਬਾਜ਼’ ਭੇਟ ਕੀਤੀ ਜੋ ਉਨ੍ਹਾਂ ਨੇ ਮਾਝੇ ਦੇ ਜੰਮਪਲ ਓਲੰਪੀਅਨ ਐਥਲੀਟ ਸਰਦਾਰ ਗੁਰਬਚਨ ਸਿੰਘ ਰੰਧਾਵਾ ਦੇ ਜੀਵਨ ਤੇ ਆਧਾਰਿਤ ਲਿਖੀ ਹੈ। ਸ. ਗੁਰਬਚਨ ਸਿੰਘ ਰੰਧਾਵਾ 1964 ਟੋਕੀਓ ਦੇ ਫਾਈਨਲਿਸਟ ਤੇ ਭਾਰਤ ਦੇ ਪਹਿਲੇ ਅਰਜੁਨਾ ਐਵਾਰਡ ਜੇਤੂ ਅਥਲੀਟ ਹਨ ਜੋ ਮਹਿਤਾ ਚੌਕ ਨੇੜੇ ਪਿੰਡ ਨੰਗਲੀ ਦੇ ਜੰਮਪਲ ਹਨ।
ਸ. ਨਵਦੀਪ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਲਾਕੇ ਦੀ ਖਿਡਾਰੀ ਵਿਰਾਸਤ ਕਾਰਨ ਉਹ ਹਮੇਸ਼ਾਂ ਬਟਾਲਾ ਚ ਜ਼ਿਆਰਤ ਕਰਨ ਵਾਂਗ ਆਉਂਦੇ ਹਨ।
ਉਨ੍ਹਾਂ ਕੋਟਲਾ ਸ਼ਾਹੀਆਂ ਖੇਡ ਮੇਲੇ ਵਿਚ ਸੁਰਜੀਤ -ਕਮਲਜੀਤ ਖੇਡ ਕੰਪਲੈਕਸ ਵਿੱਚ ਕਈ ਵਰ੍ਹੇ ਪਹਿਲਾਂ ਸ. ਗੁਰਬਚਨ ਸਿੰਘ ਰੰਧਾਵਾ ਨੂੰ ਮਿਲਣ ਸਾਰ ਸੁਪਨਾ ਲਿਆ ਸੀ ਕਿ ਮੈਂ ਇਸ ਮਹਾਨ ਖਿਡਾਰੀ ਦੀ ਜੀਵਨੀ ਲਿਖਾਂਗਾ ਜੋ ਕਿਸੇ ਵੀ ਤਰ੍ਹਾਂ ਸ. ਮਿਲਖਾ ਸਿੰਘ ਦੀਆਂ ਖੇਡ ਪ੍ਰਾਪਤੀਆਂ ਤੋਂ ਘੱਟ ਨਹੀਂ ਹੈ। ਵਰਨਣਯੋਗ ਗੱਲ ਇਹ ਹੈ ਕਿ ਨਵਦੀਪ ਸਿੰਘ ਗਿੱਲ ਭਾਵੇਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਰ ਦੇ ਜੰਮਪਲ ਹਨ ਪਰ ਕੋਟਲਾ ਸ਼ਾਹੀਆ ਵਿਚ ਹੋਣ ਵਾਲੀਆਂ ਕਮਲਜੀਤ ਖੇਡਾਂ ਦੇ ਪ੍ਰਬੰਧਕਾਂ ਚੋਂ ਪ੍ਰਮੁੱਖ ਹਨ ਅਤੇ ਸੁਰਜੀਤ ਸਪੋਰਟਸ ਐਸੋਸੀਏਸ਼ਨ (ਬਟਾਲਾ) ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ।






















