ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਦੋਸ਼ ਭਾਰਤੀ ਅਧਿਕਾਰੀ ਤੇ, ਅਮਰੀਕੀ ਚਾਰਜਸ਼ੀਟ ‘ਚ ਦਾਅਵਾ
ਚੰਡੀਗੜ੍ਹ, 30ਨਵੰਬਰ(ਵਿਸ਼ਵ ਵਾਰਤਾ)- ਅਮਰੀਕਾ ‘ਚ ਖਾਲਿਸਤਾਨੀ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ‘ਚ ਵੀਰਵਾਰ ਨੂੰ ਨਿਊਯਾਰਕ ਪੁਲਸ ਦੀ ਚਾਰਜਸ਼ੀਟ ਸਾਹਮਣੇ ਆਈ ਹੈ। ਇਸ ‘ਚ ਇਕ ਭਾਰਤੀ ਨਾਗਰਿਕ ਨਿਖਿਲ ਗੁਪਤਾ ‘ਤੇ ਪੰਨੂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਮੁਲਜ਼ਮ ਨੂੰ ਅਜਿਹਾ ਕਰਨ ਦਾ ਹੁਕਮ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਦਿੱਤਾ ਸੀ। ਹਾਲਾਂਕਿ ਚਾਰਜਸ਼ੀਟ ‘ਚ ਭਾਰਤੀ ਅਧਿਕਾਰੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇਸ ਨੂੰ CC-1 ਵਜੋਂ ਸੰਬੋਧਿਤ ਕੀਤਾ ਗਿਆ ਹੈ। ਚਾਰਜਸ਼ੀਟ ਮੁਤਾਬਕ ਸੀ.ਸੀ.-1 ਭਾਰਤ ਸਰਕਾਰ ਦੀ ਇੱਕ ਏਜੰਸੀ ਦਾ ਮੁਲਾਜ਼ਮ ਹੈ, ਜਿਸ ਨੇ ਕਈ ਵਾਰ ਆਪਣੇ ਆਪ ਨੂੰ ਸੀਨੀਅਰ ਫੀਲਡ ਅਫ਼ਸਰ ਦੱਸਿਆ ਹੈ। ਉਹ ਸੁਰੱਖਿਆ ਪ੍ਰਬੰਧਨ ਅਤੇ ਖੁਫੀਆ ਜਾਣਕਾਰੀ ਲਈ ਜ਼ਿੰਮੇਵਾਰ ਹੈ। ਨਿਖਿਲ ਨੇ ਅਮਰੀਕਾ ਦੇ ਸੰਘੀ ਏਜੰਟਾਂ ਨੂੰ ਦੱਸਿਆ ਕਿ ਪੰਨੂ ਤੋਂ ਇਲਾਵਾ ਉਸ ਨੂੰ ਕਈ ਲੋਕਾਂ ਨੂੰ ਮਾਰਨ ਲਈ ਵੀ ਕਿਹਾ ਗਿਆ ਸੀ। ਚਾਰਜਸ਼ੀਟ ਵਿੱਚ ਸੌ ਡਾਲਰ ਦਾ ਬਿੱਲ ਵੀ ਸੀ, ਜੋ ਮੁਲਜ਼ਮ ਨੂੰ ਐਂਡਵਾਸ ਵਜੋਂ ਦਿੱਤਾ ਗਿਆ ਸੀ।