ਚੰਡੀਗੜ੍ਹ 9 ਅਕਤੂਬਰ( ਵਿਸ਼ਵ ਵਾਰਤਾ)-ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਕਰਕੇ ਪੰਜਾਬ ਸਰਕਾਰ ਦੀ ਮੁਸੀਬਤ ਵਧਦੀ ਜਾ ਰਹੀ ਹੈ। ਸੰਘਰਸ਼ ਕਰ ਰਹੀਆਂ ਧਿਰਾਂ ਨੇ 10 ਅਕਤੂਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਪੰਜਾਬ ਭਰ ਵਿੱਚ ਜਾਮ ਲਾਏ ਜਾਣਗੇ। ਇਸ ਬੰਦ ਦੇ ਸਮਰਥਨ ‘ ਚ ਆਮ ਆਦਮੀ ਪਾਰਟੀ ( ਆਪ ) ਤੇ ਭਾਰਤੀ ਜਨਤਾ ਪਾਰਟੀ ( ਭਾਜਪਾ ) ਸਮੇਤ ਅਨੁਸੂਚਿਤ ਜਾਤੀਆਂ ਦੇ ਗਠਜੋੜ ਖੁੱਲ੍ਹ ਕੇ ਸਾਹਮਣੇ ਆ ਗਏ ਹਨ।
ਉਧਰ , ਸਾਬਕਾ ਆਈਏਐਸ ਅਧਿਕਾਰੀ , ਰਾਜਨੀਤਕ ਪਾਰਟੀਆਂ ਤੇ ਸਮਾਜਿਕ ਸੰਸਥਾਵਾਂ ਵੱਲੋਂ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਥਰਸ ‘ਚ ਅਨੁਸੂਚਿਤ ਜਾਤੀ ਨਾਲ ਸਬੰਧਤ ਲੜਕੀ ਦੀ ਹੱਤਿਆ ਤੇ ਪੰਜਾਬ ਸਰਕਾਰ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਵਿਰੋਧ ‘ਚ ਸ਼ਨਿਚਰਵਾਰ ਨੂੰ ਪੰਜਾਬ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਚੰਦਨ ਗਰੇਵਾਲ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਫ਼ੈਸਲਾ ਕੀਤਾ ਗਿਆ ਹੈ ਕਿ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 3.00 ਵਜੇ ਤਕ ਕੰਪਨੀ ਬਾਗ ਚੌਕ ‘ਚ ਪੰਜਾਬ ਸਰਕਾਰ ਖ਼ਿਲਾਫ਼ ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਹੋਵੇਗਾ। ਚੰਦਨ ਗਰੇਵਾਲ ਨੇ ਕਿਹਾ ਕਿ ਅਨੁਸੂਚਿਤ ਵਰਗ ਨਾਲ ਸਰਕਾਰਾਂ ਦੇ ਪੱਖਪਾਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਬੰਦ ਕਰ ਕੇ ਦੋਵਾਂ ਮਾਮਲਿਆਂ ‘ਚ ਵਿਰੋਧ ਦਰਜ ਕਰਵਾਇਆ ਜਾਵੇਗਾ।