ਕੱਲ੍ਹ ਹੋਵੇਗਾ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰੰਸ ਰਾਹੀਂ ਕਰਨਗੇ ਉਦਘਾਟਨ


ਚੰਡੀਗੜ੍ਹ,27ਅਗਸਤ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 28 ਅਗਸਤ ਨੂੰ ਜਲ੍ਹਿਆਂਵਾਲਾ ਬਾਗ ਮੈਮੋਰੀਅਲ ਦੇ ਨਵੇਂ ਕੰਪਲੈਕਸ ਦਾ ਉਦਘਾਟਨ ਕਰਨਗੇ। ਇਹ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕੀਤਾ ਜਾਵੇਗਾ। ਇਹ ਜਾਣਕਾਰੀ ਵੀਰਵਾਰ ਨੂੰ ਪ੍ਰਧਾਨ ਮੰਤਰੀ ਦਫਤਰ ਵੱਲੋਂ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ PMO ਨੇ ਦੱਸਿਆ ਕਿ ਪੀਐਮ ਮੋਦੀ ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਯਾਦਗਾਰ ਸਥਾਨ ਤੇ ਵਿਕਸਿਤ ਕੁਝ ਮਿਊਜ਼ੀਅਮ ਗੈਲਰੀਆਂ ਦਾ ਉਦਘਾਟਨ ਵੀ ਕਰਨਗੇ।

ਇਸ ਦੌਰਾਨ ਜਲ੍ਹਿਆਂਵਾਲਾ ਬਾਗ ਵਿਖੇ 13 ਅਪ੍ਰੈਲ 1919 ਨੂੰ ਵਾਪਰੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸਾਉਣ ਲਈ ਇੱਕ ਸਾਊਂਡ ਅਤੇ ਲਾਈਟ ਸ਼ੋਅ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਕੈਂਪਸ ਵਿੱਚ ਕਈ ਵਿਕਾਸ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਪੰਜਾਬ ਦੀ ਸਥਾਨਕ ਆਰਕੀਟੈਕਚਰਲ ਸ਼ੈਲੀ ਅਨੁਸਾਰ ਵਿਸਤ੍ਰਿਤ ਵਿਰਾਸਤ ਪੁਨਰ ਨਿਰਮਾਣ ਕਾਰਜ ਕੀਤੇ ਗਏ ਹਨ।






















