ਕੱਲ੍ਹ ਨੂੰ 12 ਤੋਂ 14ਸਾਲ ਦੇ ਬੱਚਿਆਂ ਲਈ ਸ਼ੁਰੂ ਹੋਵੇਗਾ ਕੋਵਿਡ ਟੀਕਾਕਰਨ
60 ਸਾਲ ਤੋਂ ਉਪਰ ਵਾਲਿਆਂ ਨੂੰ ਲੱਗੇਗਾ ਬੂਸਟਰ ਡੋਜ਼
ਚੰਡੀਗੜ੍ਹ, 15 ਮਾਰਚ(ਵਿਸ਼ਵ ਵਾਰਤਾ)- ਕੋਰੋਨਾ ਵਾਇਰਸ ਖਿਲਾਫ 12 ਤੋਂ 14 ਸਾਲ ਦੇ ਬੱਚਿਆਂ ਦਾ ਟੀਕਾਕਰਨ ਕੱਲ੍ਹ 16 ਮਾਰਚ ਤੋਂ ਸ਼ੁਰੂ ਹੋਵੇਗਾ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਵਿਚ 15-18 ਸਾਲ ਦੀ ਉਮਰ ਦੇ ਲੋਕਾਂ ਦਾ ਟੀਕਾਕਰਨ ਲਗਭਗ ਪੂਰਾ ਹੋ ਚੁੱਕਾ ਹੈ ਜਿਸ ਤੋਂ ਬਾਅਦ ਹੁਣ 12-14 ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਵੇਗਾ ਇਸਦੇ ਨਾਲ ਹੀ 60 ਤੋਂ ਵੱਧ ਉਮਰ ਦੇ ਲੋਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਪਹਿਲਾਂ ਇਸ ਉਮਰ ਵਰਗ ਦੇ ਗੰਭੀਰ ਬੀਮਾਰੀ ਤੋਂ ਪੀੜਤ ਲੋਕਾਂ ਨੂੰ ਇਹ ਖੁਰਾਕ ਦਿੱਤੀ ਜਾ ਰਹੀ ਸੀ।
ਮਾਂਡਵੀਆ ਨੇ ਇੱਕ ਟਵੀਟ ਵਿਚ ਕਿਹਾ ਕਿ ਬੱਚੇ ਸੁਰੱਖਿਅਤ ਹਨ ਤਾਂ ਦੇਸ਼ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੈ ਕਿ 16 ਮਾਰਚ ਤੋਂ 12 ਤੋਂ 13 ਤੇ 13 ਤੋਂ 14 ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਤੇ ਨਾਲ ਹੀ 60 ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਹੁਣ ਪ੍ਰਿਕਾਸ਼ਨ ਡੋਜ਼ ਲਗਾ ਸਕਣਗੇ। ਮੇਰਾ ਬੱਚਿਆਂ ਦੇ ਮਾਪਿਆਂ ਤੇ 60 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਅਪੀਲ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ। ਟੀਕਾਕਰਨ ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਹੈਦਰਾਬਾਦ ਸਥਿਤ ਬਾਇਲਾਜੀਕਲ ਈ ਨੂੰ 12-14 ਉਮਰ ਵਰਗ ਦੇ ਲੋਕਾਂ ਨੂੰ ਇਸ ਦੇ ਕੋਰਬੀਵੈਕਸ ਵੈਕਸੀਨ ਲਗਾਉਣ ਲਈ ਆਪਣੀ ਸਿਫਾਰਸ਼ ਦਿੱਤੀ ਹੈ। ਭਾਰਤ ਵਿਚ 12 ਤੋਂ 14 ਉਮਰ ਵਰਗ ਦੇ ਬੱਚਿਆਂ ਨੂੰ ਬਾਇਓਲਾਜੀਕਲ ਈ ਦਾ ਕੋਰਬੀਵੈਕਸ ਟੀਕਾ ਦਿੱਤਾ ਜਾਵੇਗਾ।






















