ਦਿੱਲੀ ਤੱਕ ਮੰਗ ਹੈ ਪ੍ਰਤਾਪ ਕਿਸਮ ਦੇ ਚਿੱਟੇ ਆੜੂਆਂ ਦੀ
ਬਲਾਚੌਰ, 8 ਮਈ (ਵਿਸ਼ਵ ਵਾਰਤਾ) – ਪੰਜਾਬ ਵਿੱਚ ਰਵਾਇਤੀ ਫ਼ਸਲੀ ਚੱਕਰ ਵਿੱਚ ਉਲਝੀ, ਨਿਰਾਸ਼ਾ ਦੇ ਦੌਰ ਵਿੱਚੋਂ ਗੁਜ਼ਰ ਰਹੀ ਕਿਸਾਨੀ ਲਈ ਬਲਾਚੌਰ ਦੇ ਕੰਢੀ ਖੇਤਰ ਦੇ ਆੜੂ ਉਤਪਾਦਕ ਜਿੱਥੇ ਆਸ ਦੀ ਕਿਰਨ ਬਣ ਕੇ ਉਭਰੇ ਹਨ, ਉੱਥੇ ਬਦਲਵੀਂ ਖੇਤੀ ਦਾ ਕਾਮਯਾਬ ਮਾਡਲ ਵੀ ਸਾਹਮਣੇ ਲੈ ਕੇ ਆਏ ਹਨ।
ਨੀਮ ਪਹਾੜੀ ਇਲਾਕਾ ਹੋਣ ਕਾਰਨ ਇੱਥੇ ਆੜੂ ਦੇ ਫ਼ਲ ਲਈ ਲੋੜੀਂਦਾ ਘੱਟ ਤਾਪਮਾਨ ਪੰਜਾਬ ਵਿੱਚੋਂ ਸਭ ਤੋਂ ਲੰਬਾ ਸਮਾਂ ਰਹਿੰਦਾ ਹੈ। ਇਸ ਸਾਲ ਆੜੂ ਦੀ ਭਰਪੂਰ ਫ਼ਸਲ ਲੈਣ ਵਾਲਾ ਬਿਛੌੜੀ ਦਾ ਕੇਹਰ ਸਿੰਘ ਬਹੁਤ ਖੁਸ਼ ਹੈ ਕਿ 6 ਸਾਲ ਦੀ ਉਮਰ ਦੇ ਬੂਟਿਆਂ ਵਾਲਾ ਬਾਗ਼ 3 ਲੱਖ ਰੁਪਏ ਵਿੱਚ ਵਿਕਿਆ। ਉਸ ਦੇ ਇਸ ਬਾਗ਼ ਵਿੱਚ 150 ਬੂਟੇ ਸਨ। ਕੇਹਰ ਸਿੰਘ ਕਹਿੰਦਾ ਹੈ ਕਿ ਰਵਾਇਤੀ ਖੇਤੀ ਦੀ ਲਾਗਤ ਵੀ ਮੁਸ਼ਕਿਲ ਨਾਲ ਪੂਰੀ ਪੈਣ ਤੇ ਕੰਢੀ ਵਿੱਚ ਪਾਣੀ ਦੀ ਸਮੱਸਿਆ ਨਾਲ ਜੂਝਦਿਆਂ, ਬਾਗ਼ਬਾਨੀ ਵਿਭਾਗ ਵੱਲੋਂ ਕਰਵਾਈ ਇਹ ਪਹਿਲਕਦਮੀ ਉਸ ਲਈ ਖੁਸ਼ਹਾਲੀ ਦਾ ਰਾਹ ਬਣ ਕੇ ਆਈ ਹੈ। ਫ਼ਿਰਨੀ ਮਜਾਰਾ ਦਾ ਪ੍ਰਕਾਸ਼ ਰਾਮ, ਮੰਢਿਆਣੀ ਦਾ ਜੋਗਿੰਦਰ ਸਿੰਘ ਅਤੇ ਬਿਛੌੜੀ ਦਾ ਹੀ ਗੁਰਦੇਵ ਸਿੰਘ ਵੀ ਕੇਹਰ ਸਿੰਘ ਵਾਂਗ ਆੜੂ ਦੀ ਭਰਪੂਰ ਫ਼ਸਲ ਲੈ ਰਹੇ ਹਨ।
ਸਹਾਇਕ ਨਿਰਦੇਸ਼ਕ ਬਾਗ਼ਬਾਨੀ ਸ਼ਹੀਦ ਭਗਤ ਸਿੰਘ ਨਗਰ, ਦਿਨੇਸ਼ ਕੁਮਾਰ ਅਨੁਸਾਰ ਆੜੂ ਦੇ ਬਾਗ ਲਈ ਪਾਣੀ ਦੇ ਨਿਕਾਸ ਵਾਲੀ, ਉਪਜਾਉ ਅਤੇ ਮੈਰਾ ਜ਼ਮੀਨ ਢੁੱਕਵੀਂ ਹੈ, ਇਸੇ ਕਰਕੇ ਕੰਢੀ ਇਲਾਕੇ ਵਿੱਚ 150 ਹੈਕਟੇਅਰ ਰਕਬਾ ਆੜੂ ਦੇ ਬਾਗ਼ਾਂ ਥੱਲੇ ਹੈ। ਬਲਾਕ ਸੜੋਆ ਦੇ ਕੁਝ ਪਿੰਡ ਜਿਵੇਂ ਕਿ ਫਿਰਨੀ ਮਜਾਰਾ, ਟੱਪਰੀਆਂ ਰਾਣੇਵਾਲ, ਸਾਹਦੜ੍ਹਾ, ਭਨੂੰ, ਬਿਛੋੜੀ, ਮੋਜੋਵਾਲ ਮਜਾਰਾ ਆਦਿ ਪਿੰਡਾਂ ਵਿੱਚ ਆੜੂ ਬਾਗ਼ਾਂ ਦਾ ਕਲਸਟਰ ਹੈ। ਜੋ ਬਾਗ਼ਬਾਨ ਖੁਦ ਫਲ ਵੇਚਦੇ ਹਨ, ਉਨ੍ਹਾਂ ਨੂੰ ਪ੍ਰਤੀ ਏਕੜ 80000 ਰੁਪਏ ਤੋਂ ਇੱਕ ਲੱਖ ਰੁਪਏ ਤੱਕ ਦੀ ਆਮਦਨ ਹੋ ਜਾਂਦੀ ਹੈ ।
ਬਾਗ਼ਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਦੱਸਦੇ ਹਨ ਕਿ ਆੜੂ ਦੇ ਫਲ ਦੀ ਮੰਡੀ ਦੇ ਵਿੱਚ ਕਾਫੀ ਡਿਮਾਂਡ ਰਹਿੰਦੀ ਹੈ ਕਿੳਂੁਕਿ ਇਸ ਸਮੇਂ ਹੋਰ ਫਲ ਉਪਲਬਧ ਨਹੀ ਹੁੰਦੇ। ਬਾਗ਼ਬਾਨਾਂ ਨੂੰ ਫਲ ਦੀ ਤੁੜਾਈ, ਗਰੇਡਿੰਗ ਅਤੇ ਪੈਕਿੰਗ ਕਰਕੇ ਬੇਹਤਰ ਮੰਡੀਕਰਨਕਰਨ ਦੀ ਜਾਣਕਾਰੀ ਬਾਗ਼ਬਾਨੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਇਸ ਨਾਲ ਬਾਗ਼ਬਾਨ ਚੰਗਾ ਮੁਨਾਫਾ ਕਮਾਉਂਦੇ ਹਨ। ਉਹ ਦੱਸਦੇ ਹਨ ਕਿ ਪ੍ਰਤਾਪ ਕਿਸਮ ਜੋ ਕਿ ਸਥਾਨਕ ਕਿਸਾਨਾਂ ਵਿੱਚ ਚਿੱਟਾ ਆੜੂ ਦੇ ਨਾਮ ਨਾਲ ਜਾਣੀ ਜਾਂਦੀ ਹੈ, ਦੀ ਦਿੱਲੀ ਦੀ ਮੰਡੀ ਵਿੱਚ ਕਾਫ਼ੀ ਮੰਗ ਹੈ। ਕੁਝ ਬਾਗ਼ਬਾਨ ਖੁਦ ਮੰਡੀਕਰਨ ਕਰਕੇ ਜ਼ਿਆਦਾ ਮੁਨਾਫਾ ਕਮਾਉਂਦੇ ਹਨ ਅਤੇ ਕੁੱਝ ਕਿਸਾਨ ਬਾਗ਼ ਠੇਕੇ ‘ਤੇ ਦੇ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਬਾਗ਼ਾਂ ਦੇ ਠੇਕੇਦਾਰ ਵੀ ਇੱਕਠੇ ਹੋ ਕੇ ਦੂਰ ਦੀਆਂ ਮੰਡੀਆਂ ਵਿੱਚ ਮੰਡੀਕਰਨ ਕਰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾਉਂਦੇ ਹਨ। ਸਾਲ 2018 ਦੌਰਾਨ
ਆੜੂ ਦੇ ਬਾਗ਼ਾਂ ਵਿੱਚ ਚੰਗਾ ਤੇ ਭਰਪੂਰ ਫਲ ਆਇਆ, ਜਿਸ ਤੋਂ ਬਾਗ਼ਬਾਨਾਂ ਨੂੰ ਵਧੀਆਂ ਆਮਦਨ ਮਿਲੀ ਹੈ।
ਬਾਗ਼ਬਾਨੀ ਵਿਕਾਸ ਅਫ਼ਸਰ ਜਗਦੀਸ਼ ਸਿੰਘ ਕਾਹਮਾ ਦੱਸਦੇ ਹਨ ਕਿ ਬਲਾਚੌਰ ਇਲਾਕਾ ਆੜੂ ਦੇ ਬਾਗ ਲਗਾਉਣ ਲਈ ਬਹੁਤ ਢੁੱਕਵਾਂ ਹੈ। ਲਗਭਗ 150 ਹੈਕਟੇਅਰ ਰਕਬਾ ਆੜੂ ਦੇ ਬਾਗਾਂ ਅਧੀਨ ਹੈ ਜਿਸ ਵਿੱਚੋਂ 80 ਪ੍ਰਤੀਸ਼ਤ ਦੇ ਕਰੀਬ ਰਕਬਾ ਸ਼ਾਨ-ਏ-ਪੰਜਾਬ ਕਿਸਮ ਅਧੀਨ ਅਤੇ ਬਾਕੀ ਅਰਲੀ ਗਲੈਂਡ ਤੇ ਪ੍ਰਤਾਪ ਕਿਸਮ ਅਧੀਨ ਹੈ। ਬਾਗ਼ ਤਿਆਰ ਹੋਣ ਤੱਕ 2 ਸਾਲ ਬੂਟਿਆ ਵਿੱਚ ਕਣਕ, ਦਾਲਾਂ ਅਤੇ ਕੁਝ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਆੜੂ ਦੇ ਬੂਟੇ 3 ਸਾਲ ਦੀ ਉਮਰ ਤੋਂ ਬਾਅਦ ਵਧੀਆ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ। ਇੱਕ ਬੂਟੇ ਤੋਂ ਲਗਭਗ 60
ਕਿਲੋ ਤੋਂ 70 ਕਿਲੋ ਫਲ ਪ੍ਰਾਪਤ ਹੋ ਜਾਂਦਾ ਹੈ। ਆੜੂ ਦੇ ਬਾਗ਼ਬਾਨਾਂ ਨੂੰ ਬਾਗ਼ ਵਿੱਚ
ਕੁਆਲਟੀ ਫ਼ਲ ਪ੍ਰਾਪਤ ਕਰਨ ਲਈ ‘ਥਰਸਟ ਪੁਆਇੰਟ’ ਜਿਵੇਂ ਕਿ ਬੂਟਿਆ ਦੀ ਕਾਂਟ-ਸ਼ਾਂਟ, ਫ਼ਲ ਵਿਰਲਾ ਕਰਨਾ ਅਤੇ ਪੱਕਣ ਸਮੇਂ ਪਾਣੀ ਦਾ ਖਾਸ ਧਿਆਨ ਰੱਖਣਾ ਆਦਿ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਂਦੀ ਹੈ।
ਸਹਾਇਕ ਡਾਇਰੈਕਟਰ ਦਿਨੇਸ਼ ਕੁਮਾਰ ਨੇ ਆੜੂ ਦੇ ਬਾਗ਼ਬਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਬੂਟਿਆਂ ਦਾ ਪ੍ਰਬੰਧ ਕਰਕੇ ਅਤੇ ਚੰਗੀ ਵਿਉਂਤਬੰਦੀ ਨਾਲ ਆੜੂ ਦੇ ਬਾਗ਼ ਲਾਉਣ ਕਿਉਂ ਜੋ ਇਸ ਇਲਾਕੇ ਵਿੱਚ ਆੜੂਆਂ ਦੇ ਬਾਗਾਂ ਦਾ ਵੱਡਾ ਕਲਸਟਰ ਬਣਨ ਦੀਆਂ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਵੱਡਾ ਕਲਸਟਰ ਬਣਨ ਨਾਲ ਕਿਸਾਨਾਂ ਨੂੰ ਮੰਡੀਕਰਨ ਕਰਨ ਵਿੱਚ ਸੌਖ ਹੋਵੇਗੀ ਅਤੇ ਸਰਕਾਰ ਪਾਸੋਂ ਵਿਸ਼ੇਸ਼ ਸਹੂਲਤਾਂ ਮਿਲਣ ਬਾਅਦ ਉਨ੍ਹਾਂ ਦੀ ਆਮਦਨ ਵਿੱਚ ਹੋਰ ਵੀ ਵਾਧਾ ਹੋਵੇਗਾ।
ਫ਼ੋਟੋ ਕੈਪਸ਼ਨ: ਪਿੰਡ ਬਿਛੌੜੀ ਦਾ ਕੇਹਰ ਸਿੰਘ ਆਪਣੇ ਬਾਗ਼ ਵਿੱਚ ਬਾਗ਼ਬਾਨੀ ਵਿਕਾਸ ਅਫ਼ਸਰ ਰਾਜੇਸ਼ ਕੁਮਾਰ ਨਾਲ ਨਜ਼ਰ ਆ ਰਿਹਾ ਹੈ। (ਫੋਟੋ ਵਿਸ਼ਵ ਵਾਰਤਾ)