
ਚੰਡੀਗੜ੍ਹ 26 ਸਤੰਬਰ ( ਵਿਸ਼ਵ ਵਾਰਤਾ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਪੰਜਾਬ ਦੇ ਸਾਂਸਦਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਸੌੰਪੇ। ਇਸਤੋਂ ਪਹਿਲਾਂ ਕਿਸਾਨਾਂ ਨੇ ਰੋਸ ਮਾਰਚ ਵੀ ਕੀਤੇ ਜਿਨ੍ਹਾਂ ਦੀ ਅਗਵਾਈ ਵੱਖ ਵੱਖ ਥਾਵਾਂ ਉੱਤੇ ਸੂਬਾ ਪ੍ਰਧਾਨ ਡਾ ਦਰਸ਼ਨਪਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਅਤੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਨੇ ਕੀਤੀ। ਕਿਸਾਨਾਂ ਨੇ ਅੱਜ ਰੋਸ ਜਾਹਰ ਕਰਦਿਆਂ ਮੋਰਚੇ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਆਗੂਆਂ ਨੇ ਦੱਸਿਆ ਕਿ 10 ਮਹੀਨੇ ਬੀਤਣ ਦੇ ਬਾਵਜੂਦ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਰੋਸ ਵਜੋਂ ਪ੍ਰਧਾਨ ਮੰਤਰੀ ਦੇ ਨਾਂ ਪੂਰੇ ਦੇਸ਼ ਦੇ ਮੈਂਬਰ ਪਾਰਲੀਮੈਂਟ ਨੂੰ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਤਹਿਤ ਅੱਜ ਪੰਜਾਬ ਦੇ ਸਾਂਸਦਾਂ ਨੂੰ ਮੰਗ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੰਗ ਪੱਤਰ ਫਿਰੋਜ਼ਪੁਰ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਦੇ ਨਾਂਅ ਫਿਰੋਜ਼ਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੂੰ , ਜਲਾਲਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਦੇ ਪੀ ਏ ਸਤਿੰਦਰਜੀਤ ਸਿੰਘ ਮੰਟਾ ਨੂੰ, ਪਿੰਡ ਬਾਦਲ ਵਿਖੇ ਹਰਸਿਮਰਤ ਕੌਰ ਬਾਦਲ ਦੇ ਪੀਏ ਨੂੰ , ਮਾਨਸਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ , ਬਰਨਾਲਾ ਵਿਖੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਨੂੰ, ਪਠਾਨਕੋਟ ਵਿਖੇ ਸਨੀ ਦਿਓਲ ਦੇ ਦਫਤਰ ਵਿੱਚ ਉਨ੍ਹਾਂ ਦੇ ਪੀ ਏ ਨੂੰ, ਪਟਿਆਲਾ ਵਿਖੇ ਸਾਂਸਦ ਮਹਾਂਰਾਣੀ ਪਰਨੀਤ ਕੌਰ ਨੂੰ ਅਤੇ ਫਤਹਿਗੜ੍ਹ ਸਾਹਿਬ ਵਿਖੇ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਨੂੰ ਸੌੰਪੇ ਗਏ । ਫਰੀਦਕੋਟ ਦੇ ਸਾਂਸਦ ਮਹੁੰਮਦ ਸਦੀਕ ਦੇ ਜੈਤੋ ਦਫਤਰ ਵਿਖੇ ਕਿਸਾਨ ਪੁੱਜੇ ਤਾਂ ਕੋਈ ਵੀ ਜਿਮੇਵਾਰ ਵਿਅਕਤੀ ਮੰਗ ਪੱਤਰ ਲੈਣ ਨਹੀ ਪਹੁੰਚਿਆ ਜਿਸਦੇ ਰੋਸ ਵਜੋਂ ਕਿਸਾਨਾਂ ਨੇ ਨਾਹਰੇਬਾਜ਼ੀ ਕੀਤੀ ਅਤੇ ਮੰਗ ਪੱਤਰ ਨੂੰ ਗੇਟ ਨਾਲ ਚਿਪਕਾ ਦਿੱਤਾ ।
ਇਸ ਸਮੇਂ ਸੂਬਾ ਪ੍ਰਧਾਨ ਡਾ ਦਰਸ਼ਨਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਂਸਦ ਆਪਣੇ ਆਪਣੇ ਹਲਕੇ ਦੇ ਕਿਸਾਨਾਂ ਦੀ ਅਵਾਜ਼ ਸਾਂਸਦ ਵਿੱਚ ਉਠਾਉਣ ਅਤੇ ਸਰਕਾਰ ਉੱਪਰ ਇਸ ਗੱਲ ਦਾ ਦਬਾਅ ਬਣਾਉਣ ਕਿ ਉਹ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ । ਇਸ ਮੌਕੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ, ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਹਾਂ ਨਛੱਤਰ ਸਿੰਘ ਗੁਰਭੇਜ ਸਿੰਘ ਟਿੱਬੀ ਕਲਾਂ, ਫ਼ਾਜ਼ਿਲਕਾ ਤੋਂ ਜ਼ਿਲ੍ਹਾ ਮੀਤ ਪ੍ਰਧਾਨ ਸੁਰਿੰਦਰ ਲਾਧੂਕਾ, ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਅਜਿੱਤਗਿੱਲ, ਮਲੋਟ ਤੋਂ ਮਨਦੀਪ ਸਿੰਘ ਕਬਰਵਾਲਾ, ਮਾਨਸਾ ਦੇ ਆਗੂ ਦਰਸ਼ਨ ਸਿੰਘ ਟਾਹਲੀਆਂ ਭਜਨ ਸਿੰਘ ਘੁੰਮਣ ਰਾਜ ਸਿੰਘ ਗੋਰਖਨਾਥ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਮਨਜੀਤ ਰਾਜ ਕੁਲਵੰਤ ਸਿੰਘ ਠੀਕਰੀਵਾਲ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ ਹਰਭਜਨ ਸਿੰਘ ਧੂੜ ਚਰਨਜੀਤ ਕੌਰ ਧੂੜੀਆ ਫਤਿਹਗੜ੍ਹ ਸਾਹਿਬ ਦੇ ਹਰਿੰਦਰ ਸਿੰਘ ਚਨਾਰਥਲ ਪਰਮਵੀਰ ਸਿੰਘ ਬਧੌਛੀ ਖੁਰਦ ਗੁਰਦਾਸਪੁਰ ਤੋਂ ਰਾਜ ਗੁਰਵਿੰਦਰ ਸਿੰਘ ਬਚਨ ਸਿੰਘ ਭੰਬੋਈ ਗੁਰਮੀਤ ਸਿੰਘ ਢਡਿਆਲਾ ਆਦਿ ਨੇ ਵੱਖ ਵੱਖ ਥਾਵਾਂ ਤੇ ਸੰਬੋਧਨ ਕੀਤਾ ।























