ਕੌਮਾਂਤਰੀ ਜੇਤੂ ਪਹਿਲਵਾਨ ਕੁੜੀਆਂ ਦੇ ਹੱਕੀ ਘੋਲ਼ ਦੀ ਹਮਾਇਤ ਵਿੱਚ ਭਾਕਿਯੂ ਏਕਤਾ-ਉਗਰਾਹਾਂ ਵੱਲੋਂ ਮੋਦੀ ਸਰਕਾਰ ਵਿਰੁੱਧ 4 ਜ਼ਿਲ੍ਹਿਆਂ ਵਿੱਚ ਅਰਥੀ ਸਾੜ ਮੁਜ਼ਾਹਰੇ
ਚੰਡੀਗੜ੍ਹ ,12ਮਈ (ਵਿਸ਼ਵ ਵਾਰਤਾ) ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਕੌਮਾਂਤਰੀ ਜੇਤੂ ਪਹਿਲਵਾਨ ਕੁੜੀਆਂ ਦੇ ਜਿਣਸੀ ਸ਼ੋਸ਼ਣ ਦੇ ਨਾਮਜ਼ਦ ਦੋਸ਼ੀ ਭਾਜਪਾ ਐਮ ਪੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਸਾਰੇ ਅਹੁਦਿਆਂ ਤੋਂ ਬਰਖਾਸਤ ਕਰਕੇ ਤੁਰੰਤ ਗ੍ਰਿਫ਼ਤਾਰ ਕਰਵਾਉਣ ਦੀ ਮੁੱਖ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਉਸਦੀ ਸਰਪ੍ਰਸਤ ਮੋਦੀ ਸਰਕਾਰ ਵਿਰੁੱਧ ਬੀਤੇ ਦਿਨ 4 ਜ਼ਿਲ੍ਹਿਆਂ ਵਿਚ ਭਾਰੀ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ, ਅੰਮ੍ਰਿਤਸਰ ਤੇ ਸੰਗਰੂਰ ਡੀ ਸੀ ਦਫ਼ਤਰਾਂ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਐੱਸ ਡੀ ਐਮ ਦਫ਼ਤਰ ਅੱਗੇ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਕਾਮਿਆਂ ਨੇ ਸਾਂਝੇ ਰੋਸ ਪ੍ਰਦਰਸਨ ਕੀਤੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਡੀ ਟੀ ਐਫ ਸਮੇਤ ਕੁੱਝ ਜਥੇਬੰਦੀਆਂ ਨੇ ਹਮਾਇਤੀ ਸ਼ਮੂਲੀਅਤ ਵੀ ਕੀਤੀ। ਉਕਤ ਸ਼ਹਿਰਾਂ ਵਿੱਚ ਅਰਥੀ ਸਾੜ ਮੁਜ਼ਾਹਰਿਆਂ ਉਪਰੰਤ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਦੇ ਨਾਂ ਡੀ ਸੀ/ਐੱਸ ਡੀ ਐਮ ਦਫ਼ਤਰਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਜਿਨ੍ਹਾਂ ਵਿੱਚ ਬ੍ਰਿਜ ਭੂਸ਼ਨ ਦੀ ਸਾਰੇ ਅਹੁਦਿਆਂ ਤੋਂ ਬਰਖਾਸਤਗੀ ਅਤੇ ਤੁਰੰਤ ਗ੍ਰਿਫ਼ਤਾਰੀ ਤੋਂ ਇਲਾਵਾ ਜੰਤਰ ਮੰਤਰ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਖਿਡਾਰਨਾਂ ਦੀ ਘੇਰਾਬੰਦੀ ਤੁਰੰਤ ਖਤਮ ਕਰਨ ਅਤੇ ਜਾਬਰ ਪੁਲਸੀ ਹੱਲੇ ਰਾਹੀਂ ਜ਼ਖਮੀ ਕੀਤੇ ਕੁੜੀਆਂ ਮੁੰਡਿਆਂ ਦੇ ਮੁਫ਼ਤ ਸਰਕਾਰੀ ਇਲਾਜ ਅਤੇ ਢੁੱਕਵਾਂ ਮੁਆਵਜ਼ਾ ਦੇਣ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ ਗਿਆ। ਮੋਦੀ ਸਰਕਾਰ ਅਤੇ ਬ੍ਰਿਜ ਭੂਸ਼ਨ ਮੁਰਦਾਬਾਦ ਦੇ ਆਕਾਸ਼ ਗੁੰਜਾਊ ਨਾਹਰੇ ਮਾਰਦੇ ਭਾਰੀ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਆਗੂ ਜਨਕ ਸਿੰਘ ਭੁਟਾਲ ਤੇ ਜਗਤਾਰ ਸਿੰਘ ਕਾਲਾਝਾੜ ਤੋਂ ਇਲਾਵਾ ਔਰਤ ਆਗੂ ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ,ਸਰੋਜ ਰਾਣੀ ਦਿਆਲਪੁਰਾ,ਪਰਮਜੀਤ ਕੌਰ ਕੋਟਮੁਗਲ, ਜਸਪਾਲ ਕੌਰ ਮੱਦੂਸ਼ਾਂਗਾ, ਜਸਪ੍ਰੀਤ ਕੌਰ ਖੁਡਾਲ, ਨਰਿੰਦਰ ਕੌਰ ਆਹਲੂਪੁਰ ਪੰਜਾਬ ਖੇਤ ਮਜ਼ਦੂਰ ਯੂਨੀਅਨ ਸ਼ਾਮਲ ਸਨ। ਹੋਰ ਬੁਲਾਰਿਆਂ ਵਿੱਚ ਉਕਤ ਜ਼ਿਲ੍ਹਿਆਂ ਦੇ ਕਈ ਜ਼ਿਲ੍ਹਾ ਪੱਧਰੇ ਸਥਾਨਕ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਨਜਾਇਜ਼ ਤੌਰ ‘ਤੇ ਇਖਲਾਕੀ ਦੋਸ਼ੀ ਬ੍ਰਿਜ ਭੂਸ਼ਨ ਦਾ ਬਚਾਅ ਕਰ ਰਹੀ ਹੈ। ਸਰਕਾਰੀ ਹੁਕਮਾਂ ਤਹਿਤ ਹੀ ਪੁਲਿਸ ਨੇ ਸ਼ਾਂਤਮਈ ਰੋਸ ਦਾ ਜਮਹੂਰੀ ਹੱਕ ਕੁਚਲਣ ਲਈ ਪਹਿਲਵਾਨ ਖਿਡਾਰਨਾਂ ‘ਤੇ ਰਾਤ ਸਮੇਂ ਜਾਬਰ ਹੱਲਾ ਕਰਨ ਮਗਰੋਂ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦੇ ਆਲੇ-ਦੁਆਲੇ ਬੈਰੀਕੇਡ ਲਗਾ ਦਿੱਤੇ ਹਨ ਅਤੇ ਕਿਸੇ ਆਮ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਿੜ ਕੇ ਧਰਨੇ ਵਾਲੀ ਥਾਂ ਤੇ ਜਾਣਾ ਪੈਂਦਾ ਹੈ। ਪੁਲੀਸ ਦਿੱਲੀ ਦੀਆਂ ਹੱਦਾਂ ‘ਤੇ ਵਾਹਨਾਂ ਦੀ ਚੈਕਿੰਗ ਕਰਕੇ ਜੰਤਰ ਮੰਤਰ ਜਾਣ ਤੋਂ ਰੋਕਣ ਲਈ ਪੂਰੀ ਵਾਹ ਲਾ ਰਹੀ ਹੈ। ਕਿਸਾਨ ਆਗੂ ਨੇ ਦੱਸਿਆ ਕਿ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਮੋਗਾ, ਬਠਿੰਡਾ, ਪਟਿਆਲਾ, ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਗੁਰਦਾਸਪੁਰ ਡੀ ਸੀ ਦਫ਼ਤਰਾਂ ਅੱਗੇ ਅਤੇ ਜਲੰਧਰ ਵਿੱਚ ਨਕੋਦਰ ਐੱਸ ਡੀ ਐਮ ਦਫ਼ਤਰ ਅੱਗੇ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ ।