ਤ੍ਰਿਪਤ ਬਾਜਵਾ ਵਲੋਂ ਮੰਡੀਆਂ ਵਿੱਚ ਦੀ ਚੱਲ ਰਹੀ ਕਣਕ ਦੀ ਖਰੀਦ ਉੱਪਰ ਤਸੱਲੀ ਦਾ ਪ੍ਰਗਟਾਵਾ
ਬਟਾਲਾ, 28 ਅਪ੍ਰੈਲ ( ਵਿਸ਼ਵ ਵਾਰਤਾ ) – ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ, ਫਤਿਹਗੜ੍ਹ ਚੂੜੀਆਂ, ਕਾਲਾ ਅਫ਼ਗਾਨਾ, ਕਾਸ਼ਤੀਵਾਲ ਅਤੇ ਭਾਗੋਵਾਲ ਦਾਣਾ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦਾ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਮੰਡੀਆਂ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੀ ਖਰੀਦ ਬਾਰੇ ਉਨ੍ਹਾਂ ਦੀ ਰਾਇ ਜਾਣੀ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬਟਾਲਾ ਰਜਿੰਦਰ ਸਿੰਘ ਸਰੂਪਵਾਲੀ, ਸਕੱਤਰ ਮਾਰਕਿਟ ਕਮੇਟੀ ਬਿਕਰਮਜੀਤ ਸਿੰਘ, ਪੀ.ਏ. ਸਿਕੰਦਰ ਸਿੰਘ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਣਕ ਦੀ ਖਰੀਦ ਉੱਪਰ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਮੰਡੀ ਵਿਚ ਕਿਸਾਨਾਂ ਨੂੰ ਕਣਕ ਵੇਚਣ ਵਿੱਚ ਕੋਈ ਮੁਸ਼ਕਲ ਨਹੀਂ ਆ ਰਹੀ ਹੈ ਅਤੇ ਕਿਸਾਨ ਓਸੇ ਦਿਨ ਆਪਣੀ ਜਿਨਸ ਵੇਚ ਕੇ ਘਰਾਂ ਨੂੰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਿਫਟਿੰਗ ਦਾ ਕੰਮ ਵੀ ਨਾਲ ਦੀ ਨਾਲ ਚੱਲ ਰਿਹਾ ਹੈ ਅਤੇ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਸ. ਬਾਜਵਾ ਨੇ ਕਿਹਾ ਕਿ ਮੰਡੀਆਂ ਵਿੱਚ ਕੋਰੋਨਾ ਵਾਇਰਸ ਤੋਂ ਬਚਣ ਲਈ ਜੋ ਪ੍ਰਬੰਧ ਕੀਤੇ ਗਏ ਸਨ ਉਹ ਕਾਰਗਰ ਸਾਬਤ ਹੋਏ ਹਨ ਅਤੇ ਮੰਡੀਆਂ ਵਿੱਚ ਕੋਈ ਭੀੜ ਨਹੀਂ ਹੈ ਅਤੇ ਸਾਰਿਆਂ ਵਲੋਂ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾ ਰਹੀ ਹੈ।
ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਮੰਡੀ ਵਿੱਚ ਇਸ ਵਾਰ ਵੀ ਰਿਕਾਰਡ ਕਣਕ ਆ ਰਹੀ ਹੈ ਅਤੇ ਬਟਾਲਾ ਮੰਡੀ ਵਿੱਚ ਜਿਨੀ ਕਣਕ ਦੀ ਆਮਦ ਪਿਛਲੇ ਸਾਲ 28 ਅਪ੍ਰੈਲ ਤੱਕ ਸੀ ਉਸ ਤੋਂ ਵੱਧ ਕਣਕ ਇਸ ਵਾਰ 28 ਅਪ੍ਰੈਲ ਤੱਕ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੰਡੀ ਬੋਰਡ ਵਲੋਂ ਹੋਰ ਵੀ ਵੱਧ ਟੋਕਨ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਕਿਸਾਨਾਂ ਦੀ ਫਸਲ ਦੀ ਖਰੀਦ ਹਮੇਸ਼ਾਂ ਹੀ ਵਧੀਆ ਹੋਈ ਹੈ ਕੋਰੋਨਾ ਦੇ ਸੰਕਟ ਵਿੱਚ ਵੀ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਹੈ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਣਕ ਦਾ ਇੱਕ ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਇਸ ਲਈ ਸਰਕਾਰ ਦਿਨ ਰਾਤ ਲੱਗੀ ਹੋਈ ਹੈ।