
ਵਿਧਾਇਕ ਤੇ ਕਿਸਾਨ ਵਿੰਗ ਮੁਖੀ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਕੋਲ ਰੱਖੀ ਮੰਗ
*ਚੰਡੀਗੜ੍ਹ, 20 ਅਪ੍ਰੈਲ 2020 (ਵਿਸ਼ਵ ਵਾਰਤਾ )- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ‘ਚ ਕਣਕ ਦੀ ਖ਼ਰੀਦ ਲਈ ਬਣੀਆਂ ਸਾਰੀਆਂ ਮੰਡੀਆਂ ਦੇ ਨੇੜੇ ‘ਮੰਡੀ ਕਲੀਨਿਕ’ ਸਥਾਪਿਤ ਕਰਨ ਦੀ ਮੰਗ ਉਠਾਈ ਹੈ। ਇਸ ਸੰਬੰਧੀ ਪਾਰਟੀ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਦਿਆਂ ਮੁੱਖ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾਈ ਹੋਈ ਹੈ। ਬੇਸ਼ੱਕ ਸਾਵਧਾਨੀ ਵਜੋਂ ਪੰਜਾਬ ਅਤੇ ਕੇਂਦਰ ਸਰਕਾਰ ਨੇ ਕਰਫ਼ਿਊ/ਲੌਕਡਾਊਨ ਲਾਗੂ ਕੀਤਾ ਹੋਇਆ ਹੈ, ਪਰੰਤੂ ਹਾੜੀ ਦੀ ਪ੍ਰਮੁੱਖ ਫ਼ਸਲ ਕਣਕ ਦੇ ਸੀਜ਼ਨ ਕਾਰਨ ਇਸ ਸਮੇਂ ਪੰਜਾਬ ਦੇ ਲੱਖਾਂ ਕਿਸਾਨ, ਮਜ਼ਦੂਰ, ਆੜ੍ਹਤੀ, ਟਰਾਂਸਪੋਰਟ ਅਤੇ ਪ੍ਰਸ਼ਾਸਨਿਕ ਅਧਿਕਾਰੀ-ਕਰਮਚਾਰੀ ਮੰਡੀਆਂ ‘ਚ ਮੌਜੂਦ ਹਨ। ਜਿੰਨਾ ‘ਤੇ ਹਰ ਸਾਵਧਾਨੀ ਦੇ ਬਾਵਜੂਦ ਕੋਰੋਨਾ ਵਾਇਰਸ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਲਈ ਸਰਕਾਰ ਸਿਹਤ ਵਿਭਾਗ ਰਾਹੀਂ ਹਰ ਮੰਡੀ ਦੇ ਨੇੜੇ ਇੱਕ ਵਿਸ਼ੇਸ਼ ‘ਮੰਡੀ ਕਲੀਨਿਕ’ ਸਥਾਪਿਤ ਕਰ ਕੇ ਲੋੜੀਂਦਾ ਡਾਕਟਰ, ਸਟਾਫ਼ ਅਤੇ ਜਾਂਚ ਕਰਨ ਦਾ ਸਾਜੋ-ਸਮਾਨ ਮੁਹੱਈਆ ਕਰੇ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾ ਦੇ ਖ਼ੌਫ਼ ‘ਚ ਇਸ ਸਮੇਂ ਸਾਧਾਰਨ ਖਾਂਸੀ-ਜ਼ੁਕਾਮ ਜਾਂ ਸਾਹ ਦੀ ਸਮੱਸਿਆ ਨੂੰ ਹਊਏ ਵਜੋਂ ਲਿਆ ਜਾਂਦਾ ਹੈ, ਜਦਕਿ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਅਤੇ ਖੇਤਾਂ ‘ਚ ਉੱਡਦੀ ਗਰਦ ਜਾਂ ਧੂੜ ਕਾਰਨ ਖਾਂਸੀ, ਜ਼ੁਕਾਮ ਜਾਂ ਸਾਹ ਦੀ ਸਮੱਸਿਆ ਆਮ ਗੱਲ ਹੈ। ਜਦੋਂ ਮੰਡੀ ‘ਚ ‘ਮੰਡੀ ਕਲੀਨਿਕ’ ‘ਚ ਤੈਨਾਤ ਸਟਾਫ਼ ਵੱਲੋਂ ਮਾਮੂਲੀ ਲੱਛਣਾਂ ਦੀ ਤੁਰੰਤ ਜਾਂਚ ਕਰਨ ਦਾ ਪ੍ਰਬੰਧ ਹੋਵੇਗਾ ਤਾਂ ਸਾਧਾਰਨ ਖਾਂਸੀ-ਜ਼ੁਕਾਮ ਕੋਰੋਨਾ ਦਾ ਖ਼ੌਫ਼ ਪੈਦਾ ਨਹੀਂ ਕਰੇਗਾ, ਦੂਜੇ ਪਾਸੇ ਜੇਕਰ ਕਿਸੇ ‘ਚ ਸੱਚਮੁੱਚ ਕੋਰੋਨਾ ਦੇ ਲੱਛਣ ਮਿਲਣਗੇ ਤਾਂ ਉਸ ਦੀ ਪਹਿਲੀ ਸਟੇਜ ‘ਤੇ ਟੈਸਟਿੰਗ, ਟਰੇਸਿੰਗ ਅਤੇ ਟਰੈਕਿੰਗ ਹੋ ਜਾਵੇਗੀ।
ਸੰਧਵਾਂ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮਹੱਲਾ ਕਲੀਨਿਕ ਮਾਡਲ ਨੂੰ ਨਾ ਕੇਵਲ ਮੰਡੀਆਂ ਬਲਕਿ ਸਾਰੇ ਪਿੰਡਾਂ ਅਤੇ ਸ਼ਹਿਰੀ ਮੁਹੱਲਿਆਂ ‘ਚ ਸਥਾਪਿਤ ਕੀਤੇ ਜਾਣ ਸਮੇਂ ਦੀ ਜ਼ਰੂਰਤ ਹੈ, ਜਿਸ ਦਾ ਅਹਿਸਾਸ ਕੋਰੋਨਾ ਮਹਾਂਮਾਰੀ ਨੇ ਚੰਗੀ ਤਰਾਂ ਕਰਵਾ ਦਿੱਤਾ ਹੈ।























