ਕੋਰੋਨਾ ਟੀਕਾਕਰਣ ਅਭਿਆਸ ਲਈ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ
ਟੀਕਾਕਰਣ ਅਭਿਆਸ ਪਟਿਆਲਾ ਦੇ ਸਰਕਾਰੀ ਰਾਜਿੰਦਰ ਹਸਪਤਾਲ, ਸਦਭਾਵਨਾ ਹਸਪਤਾਲ ਤੇ
ਪਟਿਆਲਾ, 2 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਕੋਰੋਨਾ ਟੀਕਾਕਰਣ ਅਭਿਆਸ ਲਈ ਇੱਥੇ ਮਾਤਾ ਕੌਸ਼ੱਲਿਆ ਸਰਕਾਰੀ ਹਸਪਤਾਲ ਵਿਖੇ ਸੁਪਰਵਾਈਜ਼ਰਾਂ, ਐਸ.ਐਮ.ਓਜ, ਡਾਕਟਰਾਂ ਤੇ ਏ.ਐਨ.ਐਮਜ ‘ਤੇ ਅਧਾਰਤ ਜ਼ਿਲ੍ਹੇ ਦੀਆਂ 15 ਟੀਕਾਕਰਣ ਟੀਮਾਂ ਦੀ ਮੁਢਲੀ ਸਿਖਲਾਈ ਕਰਵਾਈ ਗਈ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਦੇਖ-ਰੇਖ ਹੇਠ ਇਸ ਸਿਖਲਾਈ ਦੌਰਾਨ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਵਿਸ਼ਵ ਸਿਹਤ ਸੰਗਠਨ ਦੇ ਮਾਹਰਾਂ ਵੱਲੋਂ ਸਿਹਤ ਪ੍ਰਣਾਲੀ ‘ਚ ਕੋਵਿਡ-19 ਟੀਕਾਕਰਣ ਸ਼ੁਰੂ ਕਰਨ ਲਈ ਨਿਰਧਾਰਤ ਢੰਗਾਂ ਦੀ ਜਾਂਚ ਕਰਨ ਸਮੇਤ ਨਿਰਧਾਰਤ ਸੰਚਾਲਣ ਵਿਧੀ, ਅਭਿਆਸ ਲਈ ਬਣਾਏ ਗਏ ਕੋ-ਵਿਨ ਪੋਰਟਲ ਦੇ ਟੈਸਟ ਲਿੰਕ ਬਾਬਤ ਵਿਸਥਾਰ ‘ਚ ਜਾਣੂ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ 3 ਜਨਵਰੀ ਨੂੰ ਟੀਕਾਕਰਣ ਅਭਿਆਸ ਰਾਜਿੰਦਰਾ ਹਸਪਤਾਲ (ਸਰਕਾਰੀ ਮੈਡੀਕਲ ਕਾਲਜ), ਨਿਜੀ ਖੇਤਰ ਦੇ ਸਦਭਾਵਨਾ ਹਸਪਤਾਲ ਤੇ ਸੀ.ਐਚ.ਸੀ. ਸ਼ੁਤਰਾਣਾ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਅਭਿਆਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੰਤਵ ਕੋਰੋਨਾ ਟੀਕਾਕਰਣ ਲਈ ਤਿਆਰੀਆਂ ਦੀ ਪਰਖ ਕਰਨਾ ਹੈ ਤਾਂ ਕਿ ਪਹਿਲਾਂ ਰਜਿਸਟਰਡ ਲਾਭਪਾਤਰੀਆਂ ਦਾ ਟੀਕਾਕਰਣ ਸ਼ੁਰੂ ਹੋਣ ਉਪਰੰਤ, ਸਫ਼ਲਤਾ ਪੂਰਵਕ ਕੋਰੋਨਾ ਟੀਕਾਕਰਣ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਟੀਕਾਕਰਣ ਇਲੈਕਟ੍ਰਾਨਿਕ ਐਪਲੀਕੇਸ਼ਨ ਕੋ-ਵਿਨ ਰਾਹੀਂ ਪਹਿਲਾਂ ਤੋਂ ਪਛਾਣੇ ਗਏ ਲਾਭਪਾਤਰੀਆਂ, ਜਿਨ੍ਹਾਂ ‘ਚ ਪਹਿਲੇ ਪੜਾਅ ਹੇਠ ਹੈਲਥ ਕੇਅਰ ਵਰਕਰਜ਼ (ਨਿਜੀ ਤੇ ਸਰਕਾਰੀ ਖੇਤਰ ਦੇ ਲਗਪਗ 8716), ਜਿਨ੍ਹਾਂ ‘ਚ ਸਫਾਈ ਸੇਵਕ ਤੋਂ ਲੈਕੇ ਡਾਕਟਰਾਂ ਤੱਕ ਸ਼ਾਮਲ ਹਨ, ਨੂੰ ਇਹ ਟੀਕਾ ਲਗਾਉਣ ਲਈ 3 ਜਨਵਰੀ ਨੂੰ ਅਭਿਆਸ ਹੋਵੇਗਾ। ਦੂਜੇ ਪੜਾਅ ਹੇਠ ਫਰੰਟਲਾਈਨ ਵਰਕਰਜ਼, 50 ਸਾਲ ਤੋਂ ਵੱਧ ਉਮਰ ਤੇ ਗੰਭੀਰ ਬਿਮਾਰੀ ਤੋਂ ਪੀੜਤ ਅਤੇ ਹੋਰ ਲੋਕਾਂ ਨੂੰ ਇਹ ਟੀਕਾ ਲੱਗੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਵੈਕਸੀਨ ਆਮ ਉਪਲਬਧ ਨਹੀਂ ਹੋਵੇਗੀ ਬਲਕਿ ਇਹ ਟੀਕਾ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਲਗਾਇਆ ਜਾਣਾ ਹੈ, ਜਿਹੜੇ ਕਿ ਪਹਿਲਾਂ ਪੋਰਟਲ ‘ਤੇ ਰਜਿਸਟਰਡ ਹੋਣਗੇ।
ਸਿਖਲਾਈ ਦੌਰਾਨ ਯੂ.ਐਨ.ਡੀ.ਪੀ. ਦੀ ਪ੍ਰਾਜੈਕਟ ਅਫ਼ਸਰ (ਓਪਰੇਸ਼ਨਜ) ਮੀਨਾਕਸ਼ੀ ਦਿਉਲ ਨੇ ਟੀਕਾਕਰਨ ਦੌਰਾਨ ਲਾਭਪਾਤਰੀ ਦੀ ਗੁਪਤਤਾ ਬਣਾਏ ਰੱਖਣ ਸਮੇਤ ਟੀਕਾਕਰਣ ਸਮੇਂ 6 ਫੁੱਟ ਦੀ ਦੂਰੀ, ਹੱਥਾਂ ਨੂੰ ਸੈਨੇਟਾਈਜ਼ ਕਰਨਾ ਤੇ ਲਾਜਮੀ ਮਾਸਕ ਬਾਰੇ ਦੱਸਿਆ। ਉਨ੍ਹਾਂ ਨੇ ਪੂਰਵ-ਅਭਿਆਸ ਦੌਰਾਨ ਕੋਵਿਡ-19 ਟੀਕਾਕਰਨ ਦੀ ਜਾਣ-ਪਛਾਣ, ਯੋਜਨਾਬੰਦੀ, ਮੁਕੰਮਲ ਪ੍ਰਕ੍ਰਿਆ, ਕੋ-ਵਿਨ ਐਪਲੀਕੇਸ਼ਨ ਦੀ ਸੰਚਾਲਣ ਵਿਧੀ, ਚੁਣੌਤੀਆਂ ਤੇ ਇਸ ਦੇ ਵੱਖ-ਵੱਖ ਪੜਾਵਾਂ ਤੋਂ ਵਿਸਥਾਰ ‘ਚ ਜਾਣੂ ਕਰਵਾਇਆ।
ਵਿਸ਼ਵ ਸਿਹਤ ਸੰਗਠਨ ਤੋਂ ਐਸ.ਐਮ.ਓ. ਡਾ. ਗਗਨ ਸ਼ਰਮਾ ਨੇ ਦੱਸਿਆ ਕਿ ਇਸ ਟੀਕਾਕਰਣ ਲਈ ਲਾਭਪਾਤਰੀ ਦਾ ਰਜਿਸਟਰਡ ਹੋਣਾ ਲਾਜਮੀ ਹੈ ਤੇ ਟੀਕਾਕਰਣ ਉਪਰੰਤ ਉਸ ਨੂੰ ਅੱਧੇ ਘੰਟੇ ਲਈ ਨਿਗਰਾਨੀ ਹੇਠ ਰੱਖਣਾ ਵੀ ਲਾਜਮੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਕਿ ਸਾਰੀਆਂ ਟੀਮਾਂ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤਾਂ ਕਿ ਇਸ ਅਭਿਆਸ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾ ਸਕੇ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਰਾਜਿੰਦਰਾ ਹਸਪਤਾਲ ਦੇ ਕੋਵਿਡ ਇੰਚਾਰਜ ਸ੍ਰੀਮਤੀ ਸੁਰਭੀ ਮਲਿਕ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ ਨੇ ਰਾਜਿੰਦਰਾ ਹਸਪਤਾਲ ਦੀ ਵਾਰਡ ਨੰਬਰ 5, ਜਿੱਥੇ 3 ਜਨਵਰੀ ਨੂੰ ਕੋਰੋਨਾ ਟੀਕਾਕਰਣ ਅਭਿਆਸ ਹੋਣਾ ਹੈ, ਵਿਖੇ ਤਿਆਰੀਆਂ ਦਾ ਜਾਇਜ਼ਾ ਲਿਆ।
ਸਿਖਲਾਈ ਦੌਰਾਨ ਸਿਵਲ ਸਰਜਨ ਡਾ. ਸਤਿੰਦਰ ਪਾਲ ਸਿੰਘ, ਐਕਸਟਰਾ ਸਹਾਇਕ ਕਮਿਸ਼ਨਰ (ਯੂ.ਟੀ.) ਜਗਨੂਰ ਸਿੰਘ, ਸਟੇਟ ਟੀਕਾਕਰਣ ਅਫ਼ਸਰ ਡਾ. ਬਲਵਿੰਦਰ ਕੌਰ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਵੀਨੂ ਗੋਇਲ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕਾਂਸਲ ਤੇ ਸੀਨੀਅਰ ਮੈਡੀਕਲ ਅਫ਼ਸਰ ਵੀ ਮੌਜੂਦ ਸਨ।























