ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ
ਐਸਆਈਟੀ ਨੇ ਫਿਰ ਤੋਂ ਕੀਤਾ ਤਲਬ
ਪੜ੍ਹੋ ਹੁਣ ਕਦੋਂ ਹੋਵੇਗੀ ਪੇਸ਼ੀ
ਚੰਡੀਗੜ੍ਹ,30 ਅਗਸਤ(ਵਿਸ਼ਵ ਵਾਰਤਾ)-2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਤਲਬ ਕੀਤੇ ਗਏ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅੱਜ ਵਿਸ਼ੇਸ਼ ਜਾਂਚ ਟੀਮ (SIT) ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਸੁਖਬੀਰ ਬਾਦਲ ਨੂੰ ਅੱਜ ਸਵੇਰੇ 10.30 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਸੁਖਬੀਰ ਬਾਦਲ ਚੰਡੀਗੜ੍ਹ ਆਉਣ ਦੀ ਬਜਾਏ ਜ਼ੀਰਾ ਕੋਰਟ ‘ਚ ਪੇਸ਼ ਹੋਏ। ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸੰਮਨ ਨਹੀਂ ਮਿਲਿਆ।
ਇਸ ਮਾਮਲੇ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ ਅੱਗੇ ਆਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਸੁਖਬੀਰ ਬਾਦਲ ਨੂੰ ਕੋਰੀਅਰ ਲੈ ਕੇ ਬੁਲਾਉਣ ਗਏ ਸਨ। ਇਸ ਦੌਰਾਨ ਉਹਨਾਂ ਦੀ ਰਿਹਾਇਸ਼ ਤੇ ਕਿਸੇ ਨੇ ਸੰਮਨ ਨਹੀਂ ਲਿਆ ਅਤੇ ਦੱਸਿਆ ਗਿਆ ਕਿ ਸੁਖਬੀਰ ਬਾਦਲ ਵਿਦੇਸ਼ ਵਿੱਚ ਹਨ। ਇਸ ਤੋਂ ਬਾਅਦ ਐਸਆਈਟੀ ਨੇ ਸੁਖਬੀਰ ਬਾਦਲ ਦੇ ਨਾਲ ਰਹਿਣ ਵਾਲੇ ਵਿਨੀਤ ਪਾਲ ਹੈਪੀ ਨੂੰ ਵੀ ਵਟਸਐਪ ‘ਤੇ ਸੰਮਨ ਭੇਜੇ ਸਨ । ਜਿਸ ਨੇ ਸੰਮਨ ਮਿਲਣ ਦੀ ਗੱਲ ਵੀ ਕਬੂਲੀ ਹੈ।
ਜਿਕਰਯੋਗ ਹੈ ਕਿ ਕੋਟਕਪੂਰਾ ਗੋਲੀ ਕਾਂਡ ਸਾਲ 2015 ਦੀ ਹੈ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿੱਖਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਜਦੋਂ ਇਹ ਗੋਲੀਬਾਰੀ ਹੋਈ ਤਾਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ? ਇਸ ਮਾਮਲੇ ਵਿੱਚ ਤਤਕਾਲੀ ਡੀਜੀਪੀ ਸੁਮੇਧ ਸੈਣੀ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਸੁਖਬੀਰ ਬਾਦਲ ਨੇ ਵੀ ਇਸ ਸਬੰਧੀ ਜਵਾਬ ਦਿੱਤਾ ਹੈ ਕਿ ਐੱਸ.ਡੀ.ਐੱਮ. ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਐਸਡੀਐਮ ਨੇ ਲਿਖਤੀ ਤੌਰ ’ਤੇ ਵੀ ਦੇ ਦਿੱਤਾ ਹੈ। ਐਸਡੀਐਮ ਅਜੇ ਵੀ ਆਪਣੀ ਗੱਲ ’ਤੇ ਕਾਇਮ ਹੈ। ਸੁਖਬੀਰ ਨੇ ਸੰਮਨ ਨਾ ਮਿਲਣ ਦੀ ਗੱਲ ਵੀ ਕਹੀ ਸੀ। ਇਸ ਦੇ ਨਾਲ ਹੀ ਤਾਜਾ ਜਾਣਕਾਰੀ ਅਨੁਸਾਰ ਹੁਣ ਸੁਖਬੀਰ ਬਾਦਲ ਨੂੰ ਇੱਕ ਵਾਰ ਫਿਰ ਤੋਂ ਸੰਮਨ ਜਾਰੀ ਕੀਤੇ ਗਏ ਹਨ ਅਤੇ ਇਸੇ ਮਾਮਲੇ ਵਿੱਚ ਹੀ 14 ਸਤੰਬਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।