ਕੈਬਿਨਟ ਮੰਤਰੀ ਸੋਨੀ ਨੇ ਭਗਤ ਕਬੀਰ ਜੀ ਦੀ ਯਾਦ ਵਿੱਚ ਬਣੇ ਗੇਟ ਦਾ ਕੀਤਾ ਉਦਘਾਟਨ
ਬਜੁਰਗਾਂ ਨੂੰ ਇਸ ਮਹੀਨੇ ਮਿਲੇਗੀ ਵਧੀ ਹੋਈ ਪੈਨਸ਼ਨ
ਅੰਮ੍ਰਿਤਸਰ, 10 ਜੁਲਾਈ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਭਗਤ ਕਬੀਰ ਜੀ ਦੇ 623ਵੇਂ ਜਨਮ ਦਿਵਸ ਨੂੰ ਸਮਰਪਿਤ 20 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਬੀਰ ਗੇਟ ਦਾ ਕਬੀਰ ਮਾਰਗ (ਨਾਈਆਂ ਵਾਲਾ ਮੋੜ) ਢੱਪਈ ਰੋਡ ਵਿਖੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਭਗਤੀ ਲਹਿਰ ਦੇ ਮਹਾਨ ਸੰਤ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਅਪੀਲ ਕੀਤੀ ਜਿਨ੍ਹਾਂ ਨੇ ਆਪਸੀ ਪ੍ਰੇਮ-ਪਿਆਰ, ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੋਮਣੀ ਭਗਤ ਜੀ ਦੀ ਬਾਣੀ ਦਰਜ ਹੈ ਜੋ ਸਮੁੱਚੀ ਲੋਕਾਈ ਲਈ ਪ੍ਰੇਰਨਾ ਦਾ ਸਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਭਗਤ ਕਬੀਰ ਜੀ ਦੀ ਬਾਣੀ ਜਾਤ, ਨਸਲ, ਧਰਮ ਤੋਂ ਉਪਰ ਉਠਣ ਦਾ ਸੁਨੇਹਾ ਦਿੰਦੀ ਹੈ ਅਤੇ ਸਾਨੂੰ ਸਭ ਨੂੰ ਉਨ੍ਹਾਂ ਦੀਆਂ ਸਿਖਿਆਵਾਂ ਤੇ ਚੱਲਣ ਦੀ ਲੋੜ ਹੈ।
ਸ੍ਰੀ ਸੋਨੀ ਨੇ ਕਿਹਾ ਕਿ ਭਗਤ ਕਬੀਰ ਜੀ ਦੀਆਂ ਸਿੱਖਿਆਵਾਂ, ਉਨਾਂ ਦਾ ਜੀਵਨ ਅਤੇ ਫਲਾਸਫ਼ੀ ਸਾਡੇ ਜੀਵਨ ਵਿੱਚ ਨਵੀਂ ਰੋਸ਼ਨੀ ਦਾ ਕੰਮ ਕਰ ਰਹੀਆਂ ਹਨ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਕੋਵਿਡ ਸੰਕਟ ਦੇ ਟਾਕਰੇ ਲਈ ਅਤੇ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰੀਏ।
ਇਸ ਮੌਕੇ ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਪੈਨਸ਼ਨ 750 ਰੁਪਏ ਤੋਂ ਵੱਧਾ ਕੇ 1500 ਰੁਪਏ ਕਰ ਦਿੱਤੀ ਗਈ ਹੈ ਅਤੇ ਇਹ ਪੈਨਸ਼ਨ ਇਸ ਮਹੀਨੇ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ ਸਰਕਾਰ ਨੇ ਸ਼ਗਨ ਸਕੀਮ ਰਾਸ਼ੀ ਦਾ ਦਾਇਰਾ ਵਧਾ ਕੇ ਵੀ 51000/- ਰੁਪਏ ਕਰ ਦਿੱਤਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਜ਼ਰੂਰ ਉਠਾਉਣ।
ਇਸ ਮੌਕੇ ਪ੍ਰਧਾਨ ਆਲ ਇੰਡੀਆ ਕਬੀਰ ਫੈਡਰੇਸ਼ਨ ਸ੍ਰੀ ਸੁਰਿੰਦਰ ਛਿੰਦਾ ਨੇ ਸ੍ਰੀ ਸੋਨੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਭਗਤ ਬਰਾਦਰੀ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਹੈ। ਇਸ ਮੌਕੇ ਹਰੀਪੁਰਾ ਯੂਥ ਕਲੱਬ ਦੇ ਪ੍ਰਧਾਨ ਐਡਵੋਕੇਟ ਦਪਿੰਦਰਜੀਤ ਸਿੰਘ ਨੇ ਭਗਤ ਕਬੀਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ 300 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦਾ ਐਲਾਨ ਵੀ ਕੀਤਾ। ਇਸ ਮੌਕੇ ਭਗਤ ਕਬੀਰ ਜੀ ਮੰਦਰ ਕਮੇਟੀ ਵਲੋਂ ਸ੍ਰੀ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਡਿਪਟੀ ਮੇਅਰ ਸ੍ਰੀ ਯੁਨਿਸ ਕੁਮਾਰ, ਕੌਂਸਲਰ ਵਿਕਾਸ ਸੋਨੀ, ਸ੍ਰੀ ਸਰਬਜੀਤ ਸਿੰਘ ਲਾਟੀ, ਕੌਂਸਲਰ ਸੁਦੇਸ਼ ਕੁਮਾਰੀ, ਸ੍ਰੀ ਸੁਨੀਲ ਕੁਮਾਰ ਕੌਂਟੀ, ਸ: ਪਰਮਜੀਤ ਸਿੰਘ ਚੋਪੜਾ, ਸ: ਗੁਰਦੇਵ ਸਿੰਘ ਦਾਰਾ, ਸ੍ਰੀ ਰਵੀ ਭਗਤ, ਸ੍ਰੀ ਰਵਿੰਦਰ ਸ਼ਰਮਾ, ਜਨਰਲ ਸਕੱਤਰ ਅੰਮ੍ਰਿਤਸਰ ਕਾਂਗਰਸ ਕਮੇਟੀ ਸ਼ਹਿਰੀ ਸ੍ਰੀ ਬਲਦੇਵ ਭਾਰਦਵਾਜ, ਸ੍ਰੀ ਯੁੱਧਵੀਰ ਪ੍ਰਧਾਨ ਰਵੀਦਾਸ ਮੰਦਰ, ਸ੍ਰੀ ਰਾਮਪਾਲ, ਸ੍ਰੀ ਸੁਸ਼ਾਂਤ ਭਗਤ, ਮਾਸਟਰ ਬਲਵਿੰਦਰ ਸਿੰਘ, ਸ੍ਰੀ ਅਰਵਿੰਦਰ ਕੁਮਾਰ ਜਨਰਲ ਸਕੱਤਰ ਕਾਂਗਰਸ ਕਮੇਟੀ, ਕਾਨੂੰਗੋ ਸ੍ਰੀ ਰਾਜੇਸ਼ ਕੁਮਾਰ, ਸ੍ਰੀ ਦੇਸ ਰਾਜ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਸਨ।