-ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ, ਲੋਕਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ-ਧਰਮਸੋਤ
-ਸਰਕਾਰ ਹਰ ਮੁਸ਼ਕਿਲ ਘੜੀ ‘ਚ ਲੋਕਾਂ ਦੇ ਨਾਲ ਖੜ੍ਹੇਗੀ-ਧਰਮਸੋਤ
-ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ-ਧਰਮਸੋਤ
ਭਾਦਸੋਂ/ਨਾਭਾ/ਪਟਿਆਲਾ, 19 ਅਗਸਤ: ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ ਤੇ ਅਧਿਕਾਰਤਾ ਮਾਮਲਿਆਂ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਹਲਕੇ ਦੇ ਪਾਣੀ ਤੋਂ ਪ੍ਰਭਾਵਤ ਦਰਜਨਾਂ ਪਿੰਡਾਂ ਦਾ ਦੌਰਾ ਕੀਤਾ ਅਤੇ ਸਰਹਿੰਦ ਚੋਅ ‘ਚ ਵੱਧ ਪਾਣੀ ਆਉਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ‘ਚ ਭਰੇ ਪਾਣੀ ਕਰਕੇ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਜਿੱਥੇ ਪਿੰਡ ਰਾਮਗੜ੍ਹ, ਮਾਂਗੇਵਾਲ, ਲੋਪੇ, ਭੋੜੇ, ਘਣੀਵਾਲ, ਮੱਲੇਵਾਲ, ਢੀਂਗੀ, ਸੁੱਖੇਵਾਲ, ਸਾਲੂਵਾਲ, ਕੌਲ, ਗਲਵੱਟੀ, ਭੀਲੋਵਾਲ, ਤੁੰਗਾਂ, ਹਿੰਮਤਪੁਰਾ ਤੇ ਛੀਂਟਾਂਵਾਲਾ ਆਦਿ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਉਥੇ ਹੀ ਪਾਣੀ ਦੇ ਕੁਦਰਤੀ ਵਹਾਅ ‘ਚ ਅੜਿਕੇ ਤੁਰੰਤ ਦੂਰ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।
ਸ. ਧਰਮਸੋਤ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ‘ਤੇ ਪੰਜਾਬ ਸਰਕਾਰ ਤੇ ਸਮੁੱਚਾ ਪ੍ਰਸ਼ਾਸਨ ਪੂਰੀ ਚੌਕਸੀ ਨਾਲ ਨਾਗਰਿਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਨਿਭਾਉਂਦਿਆਂ ਕਿਸੇ ਵੀ ਸੰਭਾਵੀ ਖ਼ਤਰੇ ਵਾਲੀ ਸਥਿਤੀ ਨਾਲ ਨਿਪਟਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੁਸ਼ਕਿਲ ਘੜੀ ‘ਚ ਲੋਕਾਂ ਦੇ ਨਾਲ ਖੜ੍ਹੀ ਹੈ ਅਤੇ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਹੈ, ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਵੇ ਢੁਕਵਾ ਮੁਆਵਜਾ ਦਿੱਤਾ ਜਾਵੇਗਾ।
ਸ. ਧਰਮਸੋਤ ਨੇ ਸਥਾਨਕ ਲੋਕਾਂ ਦੀ ਮੰਗ ‘ਤੇ ਪਿੰਡ ਮਾਂਗੇਵਾਲ ਅਤੇ ਝੰਬਾਲੀ ਦੇ ਪੁਲਾਂ ਦੇ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਲਈ ਸਬੰਧਤ ਵਿਭਾਗ ਨੂੰ ਮੌਕੇ ‘ਤੇ ਹੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਦੱਸਿਆ ਕਿ ਇਹ ਦੋਵੇਂ ਪੁਲ ਕਰੀਬ 84 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਅਤੇ ਇਨ੍ਹਾਂ ਲਈ ਟੈਂਡਰ ਲਗਾਉਣ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲ ਨਿਕਾਸ ਵਿਭਾਗ ਨੇ ਇਸ ਵਾਰ ਅਗੇਤੀ ਤਿਆਰੀ ਕਰਕੇ ਪਿਛਲੇ ਲੰਮੇ ਸਮੇਂ ਤੋਂ ਸਾਫ਼ ਹੋਣ ਵਾਲੀਆਂ ਡਰੇਨਾਂ ਤੇ ਨਦੀ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਕਰਵਾ ਲਈ ਸੀ ਜਿਸ ਕਰਕੇ ਪਾਣੀ ਆਪਣੇ ਕੁਦਰਤੀ ਵਹਿਣ ਮੁਤਾਬਕ ਲੰਘ ਰਿਹਾ ਹੈ।
ਉਨ੍ਹਾਂ ਨੇ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਤੇ ਐਸ.ਡੀ.ਐਮ. ਨਾਭਾ ਸ੍ਰੀ ਕੇ.ਆਰ. ਕਾਂਸਲ ਨੂੰ ਹਦਾਇਤ ਕੀਤੀ ਕਿ ਪਾਣੀ ਦੇ ਕੁਦਰਤੀ ਵਹਾਅ ‘ਚ ਕੋਈ ਅੜਿਕਾ ਨਹੀਂ ਲੱਗਣਾ ਚਾਹੀਦਾ ਤੇ ਅਜਿਹਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਹਦਾਇਤ ਕੀਤੀ ਕਿ ਜਿੱਥੇ ਕਿਤੇ ਪਾਣੀ ਦੇ ਵਹਾਅ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲੀਆਂ ਲਾਉਣ ਦੀ ਲੋੜ ਹੈ, ਬਾਰੇ ਵੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ੍ਰੀ ਕਾਲਾ ਰਾਮ ਕਾਂਸਲ, ਡੀ.ਐਸ.ਪੀ. ਨਾਭਾ ਸ੍ਰੀ ਵਰਿੰਦਰਜੀਤ ਸਿੰਘ ਥਿੰਦ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਸਮੇਤ ਸ੍ਰੀ ਚਰਨਜੀਤ ਬਾਤਿਸ਼, ਸ. ਕਾਬਲ ਸਿੰਘ, ਸ. ਬਲਵਿੰਦਰ ਸਿੰਘ ਬਿੱਟੂ, ਸ. ਪਰਮਜੀਤ ਸਿੰਘ ਕੱਲਰਮਾਜਰੀ, ਸ੍ਰੀ ਜਤਿੰਦਰ ਸਿੰਘ ਅਭੇਪੁਰ, ਸ੍ਰੀ ਹਰਜੀਤ ਸਿੰਘ ਮਾਂਗੇਵਾਲ ਅਤੇ ਵੱਡੀ ਗਿਣਤੀ ‘ਚ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਮੌਸਮ ਵਿਭਾਗ ਵੱਲੋਂ ਸੂਬੇ ‘ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਸੂਬੇ 'ਚ ਹੀਟ ਵੇਵ ਦਾ ਰੈੱਡ ਅਲਰਟ ਜਾਰੀ ਦਿੱਲੀ-ਰਾਜਸਥਾਨ 'ਚ ਤਾਪਮਾਨ 46 ਡਿਗਰੀ ਤੋਂ ਪਾਰ ਚੰਡੀਗੜ੍ਹ, 19...