ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਮੀਟਿੰਗ ਕਰ ਆਏ ਬਾਹਰ
ਜੋ ਵੀ ਕਾਂਗਰਸ ਪ੍ਰਧਾਨ ਫੈਸਲਾ ਕਰਨਗੇ ਮੈਨੂੰ ਮਨਜ਼ੂਰ-ਕੈਪਟਨ ਅਮਰਿੰਦਰ ਸਿੰਘ
ਪੰਜਾਬ ਪ੍ਰਸ਼ਾਸਨ ਵਿੱਚ ਵੱਡਾ ਫੇਰ-ਬਦਲ ਵੀ ਛੇਤੀ
ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਤੇ ਹੋਈ ਗੱਲਬਾਤ-ਮੁੱਖ ਮੰਤਰੀ

ਨਵੀਂ ਦਿੱਲੀ, 6ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੋਨੀਆ ਗਾਂਧੀ ਨਾਲ ਮੀਟਿੰਗ ਲਈ ਦਿੱਲੀ ਪੁੱਜੇ ਸਨ, ਕਰੀਬ ਡੇਢ ਘੰਟਾ ਮੀਟਿੰਗ ਕਰਨ ਤੋਂ ਬਾਅਦ ਕੈਪਟਨ ਬਾਹਰ ਆਏ ਤਾਂ ਕਾਫੀ ਖੁਸ਼ ਨਜ਼ਰ ਆਏ। ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਵੀ ਕਾਂਗਰਸ ਪ੍ਰਧਾਨ ਫੈਸਲਾ ਕਰਨਗੇ ਮੈਨੂੰ ਮਨਜ਼ੂਰ ਹੋਵੇਗਾ। ਮੀਟਿੰਗ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਤੇ ਚਰਚਾ ਹੋਈ ਹੈ ਤੇ ਮੈਂ ਇਥੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਇਆ ਹਾਂ। ਜਦੋਂ ਉਹਨਾਂ ਤੋਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸਿੱਧੂ ਬਾਰੇ ਕੋਈ ਜਾਣਕਾਰੀ ਨਹੀਂ ਹੈ, ਤੇ ਮੈਂ ਸਿੱਧੂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਉਹਨਾਂ ਇਹ ਵੀ ਕਿਹਾ ਕਿ ਉਹ 2022 ਵਿੱਚ ਹੋਣ ਵਾਲੀਆਂ ਚੋਣਾਂ ਲਈ ਤਿਆਰ ਹਨ।
ਦੱਸ ਦੱਇਏ ਕਿ ਇਸ ਤੋਂ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿਚੋਤਾਣ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਅੱਗੇ ਪੇਸ਼ ਹੋਏ ਸਨ। ਅੱਜ ਵੀ ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਤੋਂ ਇਲਾਵਾ ਹਾਈ ਕਮਾਂਡ ਦੇ ਚੇਅਰਮੇੈਨ ਮਲਿਕ ਅਰਜੁਨ ਖੜਗੇ ਸ਼ਾਮਿਲ ਸਨ।ਅੱਜ ਇਸ ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਲਈ ਕੋਈ ਸਾਰਥਕ ਹੱਲ ਨਿਕਲਣ ਦੀ ਸੰਭਾਵਨਾ ਹੈ। ਇਹ ਵੀ ਜਾਣਕਾਰੀ ਹੈ ਕਿ ਪੰਜਾਬ ਪ੍ਰਸ਼ਾਸਨ ਵਿੱਚ ਕੋਈ ਵੱਡਾ ਫੇਰ-ਬਦਲ ਛੇਤੀ ਹੋ ਸਕਦਾ ਹੈ।






















