ਚੰਡੀਗੜ੍ਹ, 7 ਜੁਲਾਈ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰ ਕੇ ਵਿਦੇਸ਼ਾਂ ਵਿਚ ਬੈਠੇ ਤਿੰਨ ਪ੍ਰਮੁੱਖ ਨਸ਼ਾ ਤਸਕਰਾਂ ਦੇ ਨਾਂ ਨਸ਼ਰ ਕਰਨ ਦੀ ਅਪੀਲ ਕੀਤੀ ਹੈ ।
ਵਰਨਣਯੋਗ ਹੈ ਕਿ ਪਿਛਲੇ 1 ਮਹੀਨੇ ਦੌਰਾਨ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਜ ਨਾਲ ਹੋ ਰਹੀਆਂ ਮੌਤਾਂ ਦੇ ਸੰਬੰਧ ਵਿਚ “ਆਪ” ਦਾ ਵਫ਼ਦ ਭਗਵੰਤ ਮਾਨ ਦੀ ਅਗਵਾਈ ਵਿਚ 3 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ, ਜਿਸ ਨੂੰ ਮੁੱਖ-ਮੰਤਰੀ ਨੇ ਦੱਸਿਆ ਕਿ ਉਹ ਤਿੰਨ ਪ੍ਰਮੁੱਖ ਡਰੱਗ ਤਸਕਰ ਜਿਹੜੇ ਪੰਜਾਬ ਵਿਚ ਡਰੱਗ ਮਾਫ਼ੀਆ ਲਈ ਜ਼ਿੰਮੇਵਾਰ ਹਨ, ਨੂੰ ਪਹਿਚਾਣ ਚੁੱਕੇ ਹਨ ਪਰ ਉਹ ਤਿੰਨੇ ਵਿਦੇਸ਼ ਫ਼ਰਾਰ ਹੋ ਗਏ ਹਨ ।
ਮੁੱਖ-ਮੰਤਰੀ ਵੱਲੋਂ “ਆਪ” ਦੇ ਵਫ਼ਦ ਨੂੰ ਕੀਤੇ ਇਸ ਖ਼ੁਲਾਸੇ ਉੱਪਰ ਸਖ਼ਤ ਸ਼ਬਦਾਂ ਵਿਚ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ-ਮੰਤਰੀ ਨੂੰ ਉਨ੍ਹਾਂ ਤਿੰਨਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ ਕਿਉਂਕਿ ਸਿਰਫ਼ ਏਨਾ ਕਹਿ ਕੇ ਮੁੱਖ-ਮੰਤਰੀ ਇਸ ਧੰਦੇ ਦੇ ਵੱਡੇ ਮਗਰਮੱਛਾ ਨੂੰ ਨਾ ਫੜਨ ਦੀ ਆਪਣੀ ਨਾਕਾਮੀ ਨੂੰ ਛੁਪਾ ਨਹੀਂ ਸਕਦੇ ।
ਅਰੋੜਾ ਨੇ ਕਿਹਾ ਕਿ ਜਿਸ ਢਿੱਲੇ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਡੇ ਨਸ਼ਾ ਤਸਕਰਾਂ ਨੂੰ ਫੜਨ ਵਿਚ ਨਾ-ਕਾਮਯਾਬ ਰਹੀ ਹੈ ਉਹਨਾ ਨੂੰ ਨਹੀਂ ਜਾਪਦਾ ਕਿ ਆਉਣ ਵਾਲੇ ਸਾਡੇ ਤਿੰਨ ਸਾਲਾਂ ਵਿਚ ਵੀ ਕੈਪਟਨ ਸਰਕਾਰ ਦੇ ਹੱਥ ਉਨ੍ਹਾਂ ਤਿੰਨ ਨਸ਼ਾ ਤਸਕਰਾਂ ਦੇ ਗਿਰੇਬਾਨ ਤੱਕ ਪਹੁੰਚ ਸਕਣਗੇ ।
ਸੋ ਇਸ ਲਈ ਅਰੋੜਾ ਨੇ ‘ਨੇਮ ਦੈਮ ਸ਼ੇਮ ਦੈਮ’ ਦੀ ਮੁਹਿੰਮ ਹੇਠ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਲੋਕਾਂ ਨੂੰ ਪੰਜਾਬ ਤਾਂ ਕੀ , ਪੁਰੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਸਿਰ ਚੁੱਕ ਕੇ ਇੱਜ਼ਤ ਅਤੇ ਮਾਨ ਨਾਲ ਜਿਊਣ ਦਾ ਕੋਈ ਹੱਕ ਨਹੀਂ ਹੈ, ਸੋ ਇਸ ਲਈ ਤੁਸੀਂ ਉਨ੍ਹਾਂ ਦੇ ਨਾਂ ਨਸ਼ਰ ਕਰੋ ਤਾਂ ਜੋ ਪੁਰੀ ਦੁਨੀਆ ਵਿਚ ਵੱਸਦੇ ਪੰਜਾਬੀ ਉਨ੍ਹਾਂ ਨੂੰ ਸਮਾਜਿਕ ਤੌਰ ਤੇ ਸ਼ਰਮਸਾਰ ਕਰ ਸਕਣ ਅਤੇ ਉਨ੍ਹਾਂ ਨੂੰ ਫੜਨ ਵਿਚ ਮਦਦ ਮਿਲ ਸਕੇ ।
ਅਰੋੜਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਹਰ ਤਰਾਂ ਦੇ ਮਾਫ਼ੀਆ ਲਈ ਜ਼ਿੰਮੇਵਾਰ ਗੁਹਨਾਗਾਰਾਂ ਦੇ ਨਾਂ ਜਨਤਕ ਕਰ ਕੇ ਉਨ੍ਹਾਂ ਨੂੰ ਸ਼ਰਮਸਾਰ ਕਰਨ ਦਾ ਅਤੇ ਸਖ਼ਤ ਸਜਾਵਾਂ ਦੇਣ ਦਾ ਸਮਾਂ ਆ ਗਿਆ ਹੈ। ਉਹਨਾ ਮੁੱਖ ਮੰਤਰੀ ਨੂੰ ਯਾਦ ਕਰਾਇਆ ਕਿ ਜੇਕਰ ਮੁੱਖ ਮੰਤਰੀ ਸਾਹਿਬ ਨੇ 16 ਜੂਨ 2017 ਨੂੰ ਬਜਟ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਮਾਈਨਿੰਗ ਮਾਫ਼ੀਆ ਵਿਚ ਸ਼ਾਮਿਲ 15-20 ਅਕਾਲੀ ਭਾਜਪਾ ਲੀਡਰਾਂ ਦੇ ਨਾਂ ਉਹਨਾ ਨੂੰ ਪਤਾ ਹੋਣ ਦੇ ਦਾਅਵੇ ਤੋਂ ਬਾਅਦ ਉਨ੍ਹਾਂ ਦੇ ਨਾਂ ਜਨਤਕ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਵਿਚੋਂ ਮਾਈਨਿੰਗ ਮਾਫ਼ੀਆ ਦਾ ਸਫ਼ਾਇਆ ਹੋ ਚੁੱਕਾ ਹੁੰਦਾ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...