ਕੈਪਟਨ ਅਮਰਿੰਦਰ ਸਿੰਘ ਤੁਰੰਤ ਦਖ਼ਲ ਦੇ ਕੇ ਮਾਰਕਫੈੱਡ ਨੂੰ ਮੰਡੀਆਂ ‘ਚ ਉਤਾਰੇ
ਆਲੂ ਉਤਪਾਦਕ ਕਿਸਾਨਾਂ ਨੂੰ ਮੁਆਵਜ਼ੇ ਅਤੇ ਵਪਾਰੀਆਂ ਲਈ ਫਰੇਟ ਸਬਸਿਡੀ ਦੀ ਕੀਤੀ ਮੰਗ
ਚੰਡੀਗੜ੍ਹ 29 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਆਲੂਆਂ ਦੀਆਂ ਕੀਮਤਾਂ ‘ਚ ਆਈ ਭਾਰੀ ਗਿਰਾਵਟ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇਸ ਮਾਮਲੇ ‘ਚ ਤੁਰੰਤ ਦਖ਼ਲ-ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੰਡੀਆਂ ‘ਚ ਆਲੂਆਂ ਦੀਆਂ ਤੇਜ਼ੀ ਨਾਲ ਡਿੱਗ ਰਹੀਆਂ ਕੀਮਤਾਂ ਨੇ ਆਲੂ ਉਤਪਾਦਕ ਕਿਸਾਨਾਂ ਦਾ ਸਾਹ ਸੂਕ ਗਏ ਹਨ। ਇਸ ਲਈ ਪੰਜਾਬ ਸਰਕਾਰ ਆਲੂਆਂ ਦੀ ਕੀਮਤ ਸਥਿਰ ਅਤੇ ਕਿਸਾਨਾਂ ਲਈ ਲਾਹਮੰਦ ਰੱਖਣ ਲਈ ਆਪਣੇ ਮਾਰਕਫੈੱਡ ਵਰਗੇ ਅਦਾਰਿਆਂ ਨੂੰ ਘੱਟੋ-ਘੱਟ ਸਮਰਥਨ (ਐਮਐਸਪੀ) ਨਾਲ ਮੰਡੀਆਂ ‘ਚ ਉਤਾਰੇ।