• ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਬਾਰੇ ਰਣਜੀਤ ਸਿੰਘ ਕਮਿਸ਼ਨ ਨੇ ਸ਼ਾਨਦਾਰ ਜਾਂਚ ਕੀਤੀ, ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ-ਮੁੱਖ ਮੰਤਰੀ
ਚੰਡੀਗੜ, 2 ਜੂਨ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਬਾਰੇ ਆਪਣੀ ਸਰਕਾਰ ਦੇ ਨਾਕਾਮ ਰਹਿਣ ਦੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਕਮਿਸ਼ਨ ਬੇਅਦਬੀ ਦੀਆਂ ਵੱਖ ਵੱਖ ਘਟਨਾਵਾਂ ਜਾਂਚ ਕਰ ਰਿਹਾ ਹੈ ਜਿਨਾਂ ਵਿੱਚ ਫਰੀਦਕੋਟ ਜਿਲਾ ਦੇ ਕੋਟਕਪੂਰਾ ਦੀ ਉਹ ਘਟਨਾ ਵੀ ਸ਼ਾਮਲ ਹੈ ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਸਨ।
ਇਸ ਮੁੱਦੇ ਤੋਂ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਆਮ ਆਦਮੀ ਪਾਰਟੀ ਅਤੇ ਹੋਰਨਾਂ ਆਗੂਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਾ ਕੇਵਲ ਕਮਿਸ਼ਨ ਨੇ ਬੇਅਦਬੀ ਦੇ ਪਹਿਲੇ ਕੇਸਾਂ ਦੀ ਵੀ ਚੰਗੀ ਤਰਾਂ ਜਾਂਚ ਕੀਤੀ ਹੈ ਸਗੋਂ ਉਨਾਂ ਦੀ ਸਰਕਾਰ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਦੀਆਂ ਨਵੀਂਆਂ ਘਟਨਾਵਾਂ ਵਿੱਚ ਸ਼ਾਮਲ ਦੋਸ਼ੀਆਂ ਵਿਰੁੱਧ ਵੀ ਸਰਕਾਰ ਵੱਲੋਂ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਣਜੀਤ ਸਿੰਘ ਕਮਿਸ਼ਨ ਦੀ ਸਥਾਪਨਾ ਅਪ੍ਰੈਲ 2017 ਵਿੱਚ ਕੀਤੀ ਗਈ ਸੀ ਅਤੇ ਇਸ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡਾਂ ਦੇ ਨਾਲ ਨਾਲ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਸਾਰੇ ਮਾਮਲਿਆਂ ਦੀ ਡੂੰਘਿਆਈ ਵਿੱਚ ਜਾਂਚ ਕੀਤੀ। ਉਨਾਂ ਕਿਹਾ ਕਿ ਉਹ ਇਸ ਵੇਲੇ ਸਬੂਤਾਂ ਨੂੰ ਇਕੱਤਰ ਕਰਨ ਲਈ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕਰ ਰਹੇ ਹਨ। ਤਿੰਨ ਹੋਰ ਕੇਸ ਜੋ ਸਾਰੇ 2015 ਨਾਲ ਸਬੰਧਿਤ ਹਨ, ਸੀ ਬੀ ਆਈ ਕੋਲ ਲੰਬਿਤ ਪਏ ਹਨ ਜਿਨਾਂ ਦੀ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸ੍ਰੋਮਣੀ ਅਕਾਲੀ ਦਲ ਨੇ ਕਮਿਸ਼ਨ ਨੂੰ ਸਹਿਯੋਗ ਦੇਣ ਦੀ ਥਾਂ ਇਸ ਨੂੰ ਖਤਮ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਸਪਸ਼ਟ ਹੈ ਕਿ ਬਾਦਲਾਂ ਦੀ ਅਗਵਾਈ ਵਿੱਚ ਅਕਾਲੀਆਂ ਨੂੰ ਕਮਿਸ਼ਨ ਦੀ ਜਾਂਚ ਦਾ ਡਰ ਹੈ ਕਿਉਂਕਿ ਇਹ ਕਮਿਸ਼ਨ ਬੇਅਦਬੀ ਦੀਆਂ ਸਾਰੀਆਂ ਘਟਨਾਵਾਂ ਪਿਛਲੀਆਂ ਸਾਜਿਸ਼ਾਂ ਦੀ ਬਹੁਤ ਡੁੰਘਿਆਈ ਵਿੱਚ ਜਾ ਕੇ ਜਾਂਚ ਕਰ ਰਿਹਾ ਹੈ ਜੋ ਸੂਬੇ ਨੂੰ ਅਸਥਿਰ ਕਰਨ ਲਈ ਰਚੀਆਂ ਗਈਆਂ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦਾ ਸਮਰਥਨ ਪ੍ਰਾਪਤ ਕੁਝ ਪੰਥਿਕ ਆਗੂ ਪੀੜਤਾਂ ਨੂੰ ਨਿਆਂ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਕਮਿਸ਼ਨ ਅਤੇ ਸਰਕਾਰ ਦੇ ਯਤਨਾਂ ਨੂੰ ਕਮਜ਼ੋਰ ਕਰਨ ਦੀਆਂ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ 1 ਮਾਰਚ 2017 ਤੋਂ ਸੂਬੇ ਵਿੱਚ ਬੇਅਦਬੀ ਦੇ 69 ਮਾਮਲੇ ਦਰਜ ਕੀਤੇ ਗਏ ਅਤੇ 57 ਦਾ ਪਹਿਲਾਂ ਹੀ ਖੁਰਾਖੋਜ ਨੱਪ ਲਿਆ ਹੈ ਜਦਕਿ ਕਿ 12 ਦੀ ਜਾਂਚ ਚੱਲ ਰਹੀ ਹੈ। ਉਨਾ ਕਿਹਾ ਕਿ ਬਰਗਾੜੀ ਦੀ ਘਟਨਾ ਉਨਾਂ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਹੋਈ ਸੀ ਜਿਸ ਕਰਕੇ ਪਿਛਲੀਆਂ ਘਟਨਾਵਾਂ ਦੀ ਜਾਂਚ ਕਰਨਾ ਕੁਦਰੀ ਔਖਾ ਕੰਮ ਹੈ ਪਰ ਰਣਜੀਤ ਸਿੰਘ ਕਮਿਸ਼ਨ ਇਸ ਸਾਜਿਸ਼ ਨੂੰ ਨੰਗਾ ਕਰਨ ਲਈ ਬਹੁਤ ਹੀ ਧਿਆਨਪੂਰਵਕ ਅਤੇ ਵਧੀਆ ਤਰੀਕੇ ਨਾਲ ਲੱਗਾ ਰਿਹਾ। ਉਨਾਂ ਕਿਹਾ ਕਿ ਕਮਿਸਨ ਵੱਲੋਂ ਜਾਂਚ ਮੁਕੰਮਲ ਕੀਤੇ ਜਾਣ ਅਤੇ ਆਪਣੀ ਰਿਪੋਰਟ ਪੇਸ਼ ਕੀਤੇ ਜਾਣ ਤੋਂ ਬਾਅਦ ਯਕੀਨੀ ਤੌਰ ‘ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਪੰਜਾਬ ਦੀ ਸਖਤ ਜੱਦੋ ਜਹਿਦ ਨਾਲ ਪ੍ਰਾਪਤ ਕੀਤੀ ਸ਼ਾਂਤੀ ਨੂੰ ਭੰਗ ਕਰਨ ਵਾਲੇ ਇਨਾਂ ਮਾਮਲਿਆਂ ਵਿੱਚ ਸ਼ਾਮਲ ਕਿਸੇ ਨੂੰ ਨਾ ਬਖਸ਼ਣ ਦੀ ਆਪਣੀ ਵਚਨਬੱਧਤਾ ਦੁਹਰਾਈ ਕਿਉਂਕਿ ਸੂਬੇ ਨੇ ਪਹਿਲਾ ਹੀ ਇਸ ਦਾ ਬਹੁਤ ਨੁਕਸਾਨ ਉਠਾਇਆ ਹੈ।