ਟਿੱਬਰੀ ਛਾਉਣੀ (ਗੁਰਦਾਸਪੁਰ), 14 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਰਹੱਦ ਉੱਤੇ ਸਿੱਖ ਰੈਜੀਮੈਂਟ ਦੀ 3 ਬਟਾਲੀਅਨ ਦੇ ਫੌਜੀਆਂ ਨਾਲ ਜਿਉਂ ਹੀ ਰੈਜੀਮੈਂਟ ਦੇ ‘ਵੱਡੇ ਖਾਣੇ’ ਵਿਚ ਸ਼ਾਮਲ ਹੋਏ ਤਾਂ ਲਗਦਾ ਸੀ ਕਿ ਸਮਾਂ ਆਪਣੇ ਆਪ ਉਸ ਪੁਰਾਣੇ ਸਮੇਂ ਦੇ ਨਿੱਘੇ ਦੌਰ ਵਿਚ ਪਹੁੰਚ ਗਿਆ ਹੈ। ਜਿਉਂ ਹੀ ਫੌਜੀਆਂ ਨੇ ਖੁਸ਼ੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਤਾਂ ਉਹ ਆਪਣੇ ਪੁਰਾਣੇ ਸਮੇਂ ਦੇ ਦੌਰ ਵਿਚ ਪਹੁੰਚ ਗਏ ਜਦੋਂ ਉਹ ਬਾਕੀ ਫੌਜੀਆਂ ਵਾਂਗ ਇਕ ਸਰਗਰਮ ਫੌਜੀ ਸਨ। ਉਨਾਂ ਦੇ ਫੌਜ ਪ੍ਰਤੀ ਪ੍ਰੇਮ ਨੇ ਹੀ ਉਨਾਂ ਨੂੰ ਵਾਪਸ ਫੌਜੀਆਂ ਵਿਚ ਜਾਣ ਲਈ ਮਜ਼ਬੂਰ ਕੀਤਾ। ਉਨਾਂ ਦਾ ਫੌਜ ਪ੍ਰਤੀ ਪ੍ਰੇਮ ਹੀ ਉਨਾਂ ਨੂੰ ਆਪਣੀ ਅਰਾਮ ਭਰੀ ਜ਼ਿੰਦਗੀ ਛੱਡੇ ਕੇ ਘਰ ਤੋਂ ਦੂਰ ਜਾ ਕੇ ਫੌਜੀਆਂ ਨਾਲ ਘੁਲਣ ਮਿਲਣ ਅਤੇ ਉਨਾਂ ਨਾਲ ਰਾਤ ਗੁਜ਼ਾਰਣ ਲਈ ਪ੍ਰੇਰਿਤ ਕਰਦਾ ਹੈ। ਇਸੇ ਕਰਕੇ ਹੀ ਉਨਾਂ ਨੇ ਪੱਛਮੀ ਸੈਕਟਰ ਦੀ ਕਿਸੇ ਬਿਆਬਾਨ ਥਾਂ ਉੱਤੇ 70ਵੇਂ ਆਜ਼ਾਦੀ ਦਿਵਸ ਮੌਕੇ ਫੌਜੀਆਂ ਨਾਲ ਰਾਤ ਗੁਜ਼ਾਰੀ।
ਪੂਰਾ-ਸੂਰਾ ਫੌਜੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਇਕ ਮੁਕੰਮਲ ਫੌਜੀ ਆਖਦੇ ਹਨ। 75 ਸਾਲ ਦੀ ਉਮਰ ਵਿਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਇੱਕ ਯੁਵਾ ਫੌਜੀ ਨਹੀਂ ਹਨ ਪਰ ਉਹ ਅਜੇ ਵੀ ਧੁਰ ਦਿਲੋਂ ਇੱਕ ਫੌਜੀ ਹੀ ਹਨ ਜਿਨਾਂ ਦਾ ਪਹਿਲਾ ਪਿਆਰ ਫੌਜ ਹੀ ਹੈ। ਇਸੇ ਕਰਕੇ ਹੀ ਉਨਾਂ ਨੇ 14 ਅਗਸਤ, 2017 ਦੀ ਰਾਤ ਸਿੱਖ ਬਟਾਲੀਅਨ ਦੇ ਫੌਜੀਆਂ ਨਾਲ ਗੁਜ਼ਾਰਨ ਦਾ ਸਮਾਂ ਚੁਣਿਆ। ਇੱਕ ਫੌਜੀ ਅਫਸਰ ਹੁੰਦੇ ਹੋਏ ਉਹ ਇਸੇ ਬਟਾਲੀਅਨ ਨਾਲ ਸਬੰਧਤ ਸਨ।
ਕੈਪਟਨ ਅਮਰਿੰਦਰ ਸਿੰਘ ਲਈ ਇਹ ਸਮਾਂ ਪਿਛਲੇ ਇਤਿਹਾਸ ਵਿਚ ਚਲੇ ਜਾਣ ਵਰਗਾ ਸੀ। ਉਨਾਂ ਨੇ ਦਹਾਕਿਆਂ ਬਾਅਦ ਪਹਿਲੀ ਵਾਰੀ ਆਪਣੀ ‘ਨੇਤਾ’ ਵਾਲੀ ਛਵੀ ਨੂੰ ਪਰੇ ਰੱਖ ਕੇ ਉਹ ਇਸ ਵੱਡੇ ਖਾਣੇ ਵਿਚ ਸ਼ਾਮਲ ਹੋਏ ਭਾਵੇਂ ਕਿ ਉਹ ਆਪਣੇ ਮਨੋਂ ਕਦੇ ਵੀ ਇਸ ਤੋਂ ਦੂਰ ਵੀ ਨਾ ਰਹੇ। ਇਸ ਲਗਾਵ ਦਾ ਕਾਰਨ ਸਿਰਫ ਇਹੋ ਹੈ ਕਿ ਉਹ ਹਮੇਸ਼ਾਂ ਹੀ ਆਪਣੇ ਮਨੋਂ ਭਾਰਤੀ ਫੌਜ ਨਾਲ ਜੁਡ਼ੇ ਰਹੇ ਹਨ ਭਾਵੇਂ ਕਿ ਉਹ ਅਨੇਕਾਂ ਵਰਿਆਂ ਤੋਂ ਇਸ ਵਿਚ ਸਰਗਰਮ ਨਹੀਂ ਹਨ। ਇਕ ਫੌਜੀ ਇਤਿਹਾਸਕਾਰ ਵਜੋਂ ਉਹ ਲਗਾਤਾਰ ਫੌਜ ਦੇ ਨਾਲ ਜੁਡ਼ੇ ਹੋਏ ਹਨ। ਉਨਾਂ ਨੇ ਆਪਣੀਆਂ ਬਹੁਤ ਸਾਰੀਆਂ ਹਰਮਨਪਿਆਰੀਆਂ ਕਿਤਾਬਾਂ ਵਿਚ ਫੌਜ ਦੇ ਅਨੇਕਾਂ ਤੱਥਾਂ ਨੂੰ ਸਮੋਇਆ ਹੈ। ਇਸ ਕਰਕੇ ਇਸ ਗੱਲ ਵਿਚ ਹੈਰਾਨ ਹੋਣ ਵਾਲੀ ਕੋਈ ਵੀ ਗੱਲ ਨਹੀਂ ਹੈ ਕਿ ਉਨਾਂ ਨੇ ਕਦੇ ਵੀ ਆਪਣੇ ਆਪ ਨੂੰ ਫੌਜ ਤੋਂ ਦੂਰ ਨਹੀਂ ਮੰਨਿਆ।
ਨਾ ਕੇਵਲ ਮੁੱਖ ਮੰਤਰੀ ਲਈ ਸਗੋਂ ਇਸ ਮੌਕੇ ਕੈਂਪ ਸਟੇਸ਼ਨ ਵਿਚ ਜੁਡ਼ੇ ਹਰੇਕ ਫੌਜੀ ਲਈ ਇਹ ਇੱਕ ਖੁਸ਼ੀਆਂ ਭਰਿਆ ਮੌਕਾ ਸੀ ਜੋ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ‘ਇੱਕ ਰਾਤ ਦਾ ਘਰ’ ਸੀ। ਇਸ ਮੌਕੇ ਫੌਜੀਆਂ ਨੇ ਬੈਂਡ ਅਤੇ ਭੰਗਡ਼ੇ ਨਾਲ ਮੌਜ ਮਸਤੀ ਕਰਨ ਤੋਂ ਇਲਾਵਾ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਜਿਸ ਤੋਂ ਬਾਅਦ ਉਨਾਂ ਇਕੱਠਿਆਂ ਹੀ ਖਾਣਾ ਖਾਦਾ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਸੰਖੇਪ ਵਿਚ ਜਾਣ-ਪਛਾਣ ਕਰਾਈ ਗਈ ਅਤੇ ਇਸ ਮੌਕੇ ਗਤਕਾ ਵੀ ਹੋਇਆ। ਮੁੱਖ ਮੰਤਰੀ ਨੇ ਪੂਰੀ ਤਰਾਂ ਆਪਣੇ ਆਪ ਨੂੰ ਇਸ ਸਮਾਰੋਹ ਵਿਚ ਲੀਨ ਕਰਨ ਲਿਆ।
ਇਸ ਮੌਕੇ ਇੱਕ ਫੌਜੀ ਨੇ ਆਖਿਆ, ‘‘ਇਹ ਕਈਆਂ ਪੱਖਾਂ ਤੋਂ ਸਾਡੇ ਲਈ ਇੱਕ ਵਿਸ਼ੇਸ਼ ਦਿਨ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਹ ਮੌਕਾ ਸਾਡੇ ਲਈ ਯਾਦਗਾਰੀ ਬਣਾ ਦਿੱਤਾ ਹੈ।’’
ਇੱਕ ਭਦਰ ਪੁਰਸ਼ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਾਸਤੇ ਇਹ ਇੱਕ ਵਿਸ਼ੇਸ਼ ਮੌਕਾ ਬਣਾਉਣ ਦੇ ਲਈ ਉੱਥੋਂ ਦੇ ਫੌਜੀਆਂ ਨੂੰ ਸਿਹਰਾ ਦਿੱਤਾ। ਉਨਾਂ ਕਿਹਾ, ‘‘ਮੈਂ ਇਸ ਰਾਤ ਨੂੰ ਕਦੇ ਵੀ ਭੁੱਲ ਨਹੀਂ ਸਕਦਾ। ਇਸ ਨੇ ਮੇਰੀਆਂ ਉਸ ਵੇਲੇ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਦਿੱਤੀਆਂ ਹਨ ਜਦੋਂ ਮੈਂ ਇਸ ਰੈਜ਼ੀਮੈਂਟ ਦਾ ਹਿੱਸਾ ਸੀ ਪਰ ਇਸ ਦੇ ਨਾਲ ਹੀ ਇਸ ਮੌਕੇ ਨੇ ਨਵੀਂਆਂ ਯਾਦਾਂ ਬੁਣ ਦਿੱਤੀਆਂ ਹਨ ਜੋ ਹਮੇਸ਼ਾਂ ਹੀ ਮੇਰੇ ਆਖਰੀ ਸਾਹਾਂ ਤੱਕ ਮੇਰੇ ਦਿਲ ਦਿਮਾਗ ਵਿਚ ਰਹਿਣਗੀਆਂ।’’
3 ਸਿੱਖ ਰੈਜੀਮੈਂਟ ਦੇ ਫੌਜੀਆਂ ਲਈ ਇਹ ‘ਵੱਡਾ ਖਾਣਾ’ ਬਹੁਤ ਹੀ ਰੁਝੇਵਿਆਂ ਭਰਿਆ ਸੀ। ਹਨੇਰੀ ਰਾਤ ਵਿਚ ਚਮਕਦੇ ਤਾਰਿਆਂ ਦੇ ਹੇਠ ਇਕੱਠੇ ਹੋਏ ਫੌਜੀ ਆਪਣੇ ਸਾਥੀਆਂ ਨਾਲ ਖੁਸ਼ੀ ਮਨਾ ਰਹੇ ਸਨ ਅਤੇ ਉਨਾਂ ਨੂੰ ਵਧਾਈ ਦੇ ਰਹੇ ਸਨ।
ਇਸ ਮੌਕੇ ਬਟਾਲੀਅਨ ਦੇ ਮੌਜੂਦਾ ਅਤੇ ਬੀਤੇ ਸਮੇਂ ਦੀਆਂ ਗੱਲਾਂ ਚਲਦੀਆਂ ਰਹੀਆਂ ਅਤੇ ਰਾਤ ਭਰ ਠਹਾਕੇ ਲੱਗਦੇ ਰਹੇ। ਇਹ ਸਾਰਾ ਸਿਲਸਿਲਾ ਪਹੁ-ਫੁਟਾਲੇ ਤੱਕ ਚਲਦਾ ਰਿਹਾ ਜੋ ਕਿ ਆਜ਼ਾਦੀ ਦਿਵਸ ਦੀ 70ਵੀਂ ਵਰੇਗੰਢ ਨੂੰ ਸਮਰਪਿਤ ਸੀ।
ਭਾਵੇਂ 15 ਅਗਸਤ, 2017 ਦਾ ਨਵਾਂ ਦਿਨ ਚਡ਼ਣ ਲਈ ਕਈ ਘੰਟੇ ਬਾਕੀ ਸਨ ਪਰ ਕੈਪਟਨ ਅਮਰਿੰਦਰ ਸਿੰਘ ਤਾਂ ਸਪੱਸ਼ਟ ਤੌਰ ’ਤੇ ਇਨਾਂ ਪਲਾਂ ਲਈ ਹੀ ਹਾਜ਼ਰ ਸਨ। ਉਨਾਂ ਦੇ ਚਿਹਰੇ ’ਤੇ ਫਿਰ ਰਹੀ ਮੁਸਕਾਨ ਇਸ ਸਮੇਂ ਦੌਰਾਨ ਲਗਾਤਾਰ ਵਧਦੀ ਗਈ ਅਤੇ ਭਾਵਨਾਵਾਂ ਨੂੰ ਛਿਪਾਉਣਾ ਮੁਸ਼ਕਲ ਹੋ ਗਿਆ ਸੀ।
CHANDIGARH NEWS: ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼
CHANDIGARH NEWS: ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼ ਚੰਡੀਗੜ੍ਹ,...