
ਡਾ. ਧਰਮਵੀਰ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਅਤੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੋਰ ਦੇ ਖਿਲਾਫ ਕੀਤੀ ਗਈ ਬਿਆਨਬਾਜੀ ਦੀ ਕਾਂਗਰਸੀ ਆਗੂਆਂ ਨੇ ਸਖਤ ਨੋਟਿਸ ਲਿਆ ਹੈ। ਅੱਜ ਇਥੇ ਪੰਜਾਬ ਕਾਂਗਰਸ ਦੇ ਸਕੱਤਰ ਸੰਤੋਂਖ ਸਿੰਘ, ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ ਸ਼ਰਮਾ, ਜਿਲਾ ਕਾਂਗਰਸ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਅਤੇ ਬਸਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਗੁਰਪਿੰਦਰ ਸਿੰਘ ਛੀਨਾ ਆਦਿ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਮੁਚੇ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਹਨ ਅਤੇ ਉਹਨਾ ਦੇ ਪੁਰਵਜਾ ਨੇ ਪਟਿਆਲਾ ਸ਼ਹਿਰ ਨੂੰ ਵਸਾਇਆ ਸੀ ਅਤੇ ਹਰ ਦੁੱਖ ਅਤੇ ਸੁੱਖ ਵੇਲੇ ਇਸ ਪਰਿਵਾਰ ਨੇ ਸਮੁਚੇ ਪਟਿਆਲਵੀਆਂ ਦਾ ਦਿਲੋਂ ਸਾਥ ਦਿੱਤਾ ਅਤੇ ਪਟਿਆਲਾ ਸ਼ਹਿਰ ਵਿਚ ਕਈ ਇਤਿਹਾਸਕ ਮੰਦਰਾਂ ਅਤੇ ਗੁਰੂਦਵਾਰਿਆਂ ਦਾ ਨਿਰਮਾਣ ਵੀ ਕਰਵਾਇਆ। ਉਹਨਾ ਅਗੇ ਕਿਹਾ ਕਿ ਇਹ ਅਟੱਲ ਸਚਾਈ ਹੈ ਕਿ ਮੋਤੀਬਾਗ ਪੈਲਸ ਦੇ ਦਰਵਾਜ਼ੇ ਪਟਿਆਲਵੀਆਂ ਸਮੇਤ ਸਮੁਚੇ ਪੰਜਾਬੀਆਂ ਲਈ ਹਰ ਵੇਲੇ ਖੁਲੇ ਰਹਿੰਦੇ ਹਨ ਅਤੇ ਕੋਈ ਵੀ ਵਿਅਕਤੀ ਕਿਸੇ ਵੀ ਸਮੇ ਕੰਮ ਪੈਣ ਤੇ ਨਿਊ ਮੋਤੀਬਾਗ ਦੇ ਅੰਦਰ ਜਾ ਸਕਦਾ ਹੈ। ਉਹਨਾ ਹੋਰ ਕਿਹਾ ਕਿ ਡਾ. ਗਾਂਧੀ ਇਸਵਾਰ ਆਪਣੀ ਹੋ ਰਹੀ ਹਾਰ ਨੂੰ ਦੇਖ ਕੇ ਬੁਖਲਾਹਟ ਵਿਚ ਆ ਕੇ ਇਸ ਤਰਾਂ ਦੀ ਗਲਤ ਬਿਆਨਬਾਜ਼ੀ ਕਰ ਰਹੇ ਹਨ। ਜਦੋ ਕਿ ਇਹਨਾ ਦੋਨਾ ਸਖਸ਼ੀਅਤਾਂ ਦੀ ਲੋਕਪ੍ਰਿਅਤਾ ਦਾ ਸਤਿਕਾਰ ਕਰਦਿਆਂ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਜਾ ਅਤੇ ਪ੍ਰਨੀਤ ਕੋਰ ਨੂੰ ਮਹਾਰਾਣੀ ਦਾ ਖਿਤਾਬ ਦਿੰਦੇ ਹਨ।





















