ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤੇ ਵੱਡੇ ਐਲਾਨ
ਬਿਜਲੀ 24 ਘੰਟੇ, 300 ਯੂਨਿਟ ਮੁਫਤ – ਕੇਜਰੀਵਾਲ

ਚੰਡੀਗੜ੍ਹ,29ਜੂਨ(ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਉਹਨਾਂ ਨੇ ਯੂਟੀ ਗੈਸਟ ਹਾਊਸ ‘ਚ ਪ੍ਰੈੱਸ ਕਾਨਫਰੰਸ ਕੀਤੀ।ਇਸ ਦੌਰਾਨ ਮੰਚ ਤੇ ਉਨ੍ਹਾਂ ਦੇ ਨਾਲ ਰਾਘਵ ਚੱਢਾ ਭਗਵੰਤ ਮਾਨ,ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਹਰਪਾਲ ਸਿੰਘ ਚੀਮਾ ਮੌਜੂਦ ਸਨ।
ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ,ਉਨ੍ਹਾਂ ਸਭ ਤੋਂ ਪਹਿਲਾਂ ਬਿਜਲੀ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਸਭ ਤੋਂ ਮਹਿੰਗੀ ਬਿਜਲੀ ਪੰਜਾਬ ‘ਚ ਹੈ ਜਦਕਿ ਪੰਜਾਬ ਖ਼ੁਦ ਬਿਜਲੀ ਬਣਾਉਂਦਾ ਹੈ। ਦਿੱਲੀ ਤਾਂ ਦੂਸਰਿਆਂ ਕੋਲੋਂ ਬਿਜਲੀ ਖਰੀਦਦੀ ਹੈ ਤਾਂ ਵੀ ਉੱਥੇ ਮੁਫ਼ਤ ਤੇ ਸਸਤੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਂਗ ਪੰਜਾਬ ‘ਚ ਵੀ ਬਿਜਲੀ ਸਸਤੀ ਹੋਵੇਗੀ। ਕੇਜਰੀਵਾਲ ਨੇ ਇਸ ਦੌਰਾਨ ਤਿੰਨ ਵੱਡੇ ਐਲਾਨ ਕੀਤੇ।
ਪਹਿਲਾ ਐਲਾਨ- ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹਰੇਕ ਨੂੰ 300 ਯੂਨਿਟ ਤਕ ਬਿਜਲੀ ਮੁਫ਼ਤ ਦੇਵੇਗੀ। 80 ਫ਼ੀਸਦ ਲੋਕਾਂ ਦਾ ਬਿੱਲ ਜ਼ੀਰੋ ਹੋ ਜਾਵੇਗਾ।
ਦੂਸਰਾ ਐਲਾਨ- ਘਰੇਲੂ ਬਿਜਲੀ ਦੇ ਸਾਰੇ ਬਿੱਲ ਮਾਫ ਕਰਾਂਗੇ। ਕੱਟੇ ਹੋਏ ਸਾਰੇ ਕੁਨੈਕਸ਼ਨ ਬਹਾਲ ਕੀਤੇ ਜਾਣਗੇ।
ਤੀਸਰਾ ਐਲਾਨ- ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਵੀ 24 ਘੰਟੇ ਬਿਜਲੀ ਮਿਲੇਗੀ ਪਰ ਬਿੱਲ ਨਹੀਂ ਆਵੇਗਾ। ਹਾਂ, 24 ਘੰਟੇ ਬਿਜਲੀ ‘ਚ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ। ਦਿੱਲੀ ‘ਚ ਢਾਈ ਸਾਲ ਲੱਗੇ ਸਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਸਰਕਾਰ ਨੂੰ ਇਹ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ 3 ਕਰੋੜ ਤੇ ਸਰਕਾਰ ਦਾ ਸਾਲਾਨਾ ਬਜਟ 1 ਲੱਖ 80 ਹਜ਼ਾਰ ਕਰੋੜ ਰੁਪਏ ਹੈ। ਕੀ ਸਰਕਾਰ 60 ਹਜ਼ਾਰ ਰੁਪਏ ਇਕ ਪੰਜਾਬੀ ‘ਤੇ ਖ਼ਰਚ ਨਹੀਂ ਸਕਦੀ? ਆਖ਼ਰ ਇਹ ਸਾਰਾ ਪੈਸਾ ਜਾਂਦਾ ਕਿੱਥੇ ਹੈ?
ਬੇਅਦਬੀ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ। ਅਕਾਲੀ ਤੇ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਬੇਅਦਬੀ ਦੇ ਦੋਸ਼ੀਆਂ ਨੂੰ ਅੱਜ ਤਕ ਸਜ਼ਾ ਨਹੀਂ ਮਿਲ ਸਕੀ। ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇਗੀ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।






















