‘ਸਾਡਾ ਹੱਕ, ਇੱਥੇ ਰੱਖ’ ਦੇ ਨਾਅਰੇ ਨਾਲ ਕਾਂਗਰਸ ਨੇ ਜਿ਼ਲ੍ਹਾ ਐਸ.ਏ.ਐਸ. ਨਗਰ ਵਿੱਚ ਲਾਏ
ਧਰਨੇ
ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਦਿੱਤੀ ਨਸੀਹਤ
ਮੋਦੀ ਸਰਕਾਰ ਨੂੰ ਲਾਏ ਰਗੜੇ, ਮੰਗਿਆ ਪੰਜਾਬ ਦੇ ਲੋਕਾਂ ਦਾ ਹੱਕ
ਐਸ.ਏ.ਐਸ. ਨਗਰ, 1 ਮਈ (ਵਿਸ਼ਵ ਵਾਰਤਾ )-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਪੰਜਾਬ ਦਾ ਹੱਕ ਲੈਣ ਲਈ ਕਾਂਗਰਸ ਦੇ ਸੂਬਾਈ
ਪ੍ਰਧਾਨ ਸ੍ਰੀ ਸੁਨੀਲ ਜਾਖੜ ਵੱਲੋਂ ਦਿੱਤੇ ਸੱਦੇ ਉਤੇ ਅੱਜ ਜਿ਼ਲ੍ਹਾ ਐਸ.ਏ.ਐਸ. ਨਗਰ ਵਿੱਚ
ਪਾਰਟੀ ਵਰਕਰਾਂ ਨੇ ਤਿੰਨ ਥਾਈਂ ਧਰਨੇ ਲਾ ਕੇ ਮੋਦੀ ਸਰਕਾਰ ਤੋਂ ਪੰਜਾਬ ਦਾ ਹੱਕ ਮੰਗਿਆ।
ਜਿ਼ਲ੍ਹੇ ਵਿੱਚ ਇਨ੍ਹਾਂ ਧਰਨਿਆਂ ਦੀ ਅਗਵਾਈ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ
ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਨੇ ਆਜ਼ਾਦੀ ਸੰਗਰਾਮ ਅਤੇ ਆਜ਼ਾਦੀ
ਤੋਂ ਬਾਅਦ ਦੇਸ਼ ਉਤੇ ਭੀੜ ਬਣ ਕੇ ਆਈਆਂ ਜੰਗਾਂ ਵਿੱਚ ਅਗਾਂਹ ਹੋ ਕੇ ਮੋਹਰੀ ਭੂਮਿਕਾ ਨਿਭਾਈ।
ਪੰਜਾਬੀ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ ਅਤੇ ਦੇਸ਼ ਦੇ ਕੁੱਲ ਅਨਾਜ
ਭੰਡਾਰ ਵਿੱਚ ਪੰਜਾਬ 55 ਫੀਸਦੀ ਤੋਂ ਵੱਧ ਯੋਗਦਾਨ ਦੇ ਰਿਹਾ ਹੈ। ਇਸ ਦੇ ਬਾਵਜੂਦ ਨਰਿੰਦਰ
ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਹੈ ਅਤੇ ਪੰਜਾਬ ਦਾ
ਜੀ.ਐਸ.ਟੀ ਦਾ 4400 ਕਰੋੜ ਦਾ ਬਕਾਇਆ ਵੀ ਨਹੀਂ ਦਿੱਤਾ ਜਾ ਰਿਹਾ, ਜੋ ਇਸ ਮੁਸ਼ਕਲ ਦੀ ਘੜੀ
ਵਿੱਚ ਬੇਹੱਦ ਲੋੜੀਂਦਾ ਹੈ। ਇਸ ਦੇ ਉਲਟ ਅਜਿਹੇ ਸੰਕਟ ਦੇ ਸਮੇਂ ਪਿਛਲੇ ਪੈਸੇ ਦਾ ਹਿਸਾਬ
ਮੰਗਿਆ ਜਾ ਰਿਹਾ ਹੈ।
ਕੋਵਿਡ-19 ਖਿ਼ਲਾਫ਼ ਜੰਗ ਲਈ ਪੰਜਾਬ ਵਾਸਤੇ 25 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੀ ਮੰਗ
ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ
ਇਸ ਜੰਗ ਨੂੰ ਸੁਚਾਰੂ ਤਰੀਕੇ ਨਾਲ ਲੜ ਰਹੀ ਹੈ। ਇਹ ਵੱਡੀ ਜੰਗ ਹੈ, ਜਿਸ ਨਾਲ ਪੂਰਾ ਵਿਸ਼ਵ
ਜੂਝ ਰਿਹਾ ਹੈ। ਇਸ ਵੱਡੀ ਲੜਾਈ ਵਿੱਚ ਵਕਤੀ ਤੌਰ ’ਤੇ ਕਿਤੇ ਕੋਈ ਘਾਟ ਰਹਿ ਜਾਂਦੀ ਹੈ, ਜਿਸ
ਬਾਰੇ ਧਿਆਨ ਵਿੱਚ ਆਉਣ ਉਤੇ ਉਸ ਨੂੰ ਫੌਰੀ ਦੂਰ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ
ਜਿੱਥੇ ਪੰਜਾਬ ਸਰਕਾਰ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਇਸ ਲੜਾਈ ਵਿੱਚ ਆਪਣੇ ਪੂਰੇ ਸਰੋਤਾਂ
ਨੂੰ ਝੋਕ ਰਹੀ ਹੈ, ਉਥੇ ਕੇਂਦਰ ਸਰਕਾਰ ਨੂੰ ਹੋਰ ਰਾਜਾਂ ਦੀ ਤਰ੍ਹਾਂ ਪੰਜਾਬ ਨੂੰ ਵੀ ਇਕੋ
ਅੱਖ ਨਾਲ ਦੇਖਦਿਆਂ ਮਦਦ ਦਾ ਹੱਥ ਵਧਾਉਣਾ ਚਾਹੀਦਾ ਹੈ ਕਿਉਂਕਿ ਇਸ ਲੜਾਈ ਵਿੱਚ ਸਾਰੇ ਬਰਾਬਰ
ਹਨ ਤੇ ਸਭ ਨੂੰ ਮਦਦ ਲੈਣ ਦਾ ਹੱਕ ਹੈ।
ਅਕਾਲੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਸ. ਬਲਬੀਰ ਸਿੰਘ ਸਿੱਧੂ
ਨੇ ਕਿਹਾ ਕਿ ਉਹ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਤੇ ਦੱਸਣ ਕਿ ਜਦੋਂ ਵੀ ਉਹ ਆਪਣੀ
ਸਰਕਾਰ ਵੇਲੇ ਡਾ. ਮਨਮੋਹਨ ਸਿੰਘ ਕੋਲ ਗਏ, ਉਨ੍ਹਾਂ ਨੂੰ ਕਿੰਨੀ ਮਦਦ ਮਿਲਦੀ ਰਹੀ। ਉਨ੍ਹਾਂ
ਡਾ. ਮਨਮੋਹਨ ਸਿੰਘ ਨੂੰ ਫਰਾਖਦਿਲ ਤੇ ਪੰਜਾਬ ਦੇ ਹਿੱਤਾਂ ਦਾ ਰਾਖਾ ਦੱਸਦਿਆਂ ਦੱਸਿਆ ਕਿ
ਅਕਾਲੀਆਂ ਨੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਇਕ ਵਾਰ ਪੰਜਾਬ ਲਈ 4000 ਕਰੋੜ ਰੁਪਏ ਮੰਗੇ
ਪਰ ਡਾ. ਮਨਮੋਹਨ ਸਿੰਘ ਨੇ ਉਨ੍ਹਾਂ ਨੂੰ 5100 ਕਰੋੜ ਰੁਪਏ ਦੇ ਕੇ ਭੇਜਿਆ। ਉਨ੍ਹਾਂ ਕਿਹਾ ਕਿ
ਕੇਂਦਰ ਤੋਂ ਮਦਦ ਦੇ ਮੁੱਦੇ ਉਤੇ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਦੂਜੇ ਅਕਾਲੀ ਆਗੂ
ਕੋਰਾ ਝੂਠ ਬੋਲ ਰਹੇ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਮਦਦ ਦੇ ਨਾਂ ਉਤੇ ਇਕ ਵੀ ਪੈਸਾ ਨਹੀਂ
ਦਿੱਤਾ, ਸਗੋਂ ਸਾਡਾ ਆਪਣਾ ਪੈਸਾ ਵੀ ਨਹੀਂ ਦਿੱਤਾ ਜਾ ਰਿਹਾ।
ਕਣਕ ਦੇ ਖ਼ਰੀਦ ਪ੍ਰਬੰਧਾਂ ਦੀ ਗੱਲ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ
ਵਿੱਚ ਜਿੱਥੇ ਪੰਜਾਬ ਦੀਆਂ ਮੰਡੀਆਂ ਵਿੱਚ ਕੀਤੇ ਪ੍ਰਬੰਧ ਪੂਰੇ ਦੇਸ਼ ਵਿੱਚ ਮਿਸਾਲ ਬਣ ਰਹੇ
ਹਨ, ਉਥੇ ਕਿਸਾਨਾਂ ਨੂੰ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਨੂੰ
ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ
ਮੰਡੀਆਂ ਦੇ ਪ੍ਰਬੰਧਾਂ ਦੀ ਕਈ ਸੂਬਿਆਂ ਵੱਲੋਂ ਨਕਲ ਕੀਤੀ ਜਾ ਰਹੀ ਹੈ, ਜੋ ਸਾਡੀ
ਕਾਰਗੁਜ਼ਾਰੀ ਦੀ ਮੂੰਹ ਬੋਲਦੀ ਤਸਵੀਰ ਹੈ। ਮੁਹਾਲੀ ਹਲਕੇ ਦੀ ਨੁਮਾਇੰਦਗੀ ਕਰਦੇ ਸ. ਸਿੱਧੂ
ਨੇ ਕਿਹਾ ਕਿ ਉਨ੍ਹਾਂ ਇੱਥੇ ਮੈਡੀਕਲ ਕਾਲਜ ਲਿਆਂਦਾ ਤੇ ਕਈ ਯੂਨੀਵਰਸਿਟੀਆਂ ਲਿਆਂਦੀਆਂ ਅਤੇ
ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਪ੍ਰਾਜੈਕਟ ਲਿਆਂਦੇ, ਜਦੋਂ ਕਿ ਇੱਥੋਂ ਦੇ ਸਾਬਕਾ ਸੰਸਦ
ਮੈਂਬਰ ਨੇ ਸਿਰਫ਼ ਗੱਲਾਂ ਹੀ ਕੀਤੀਆਂ, ਕੰਮ ਗਿਣਾਉਣ ਦੇ ਨਾਂ ਉਤੇ ਉਨ੍ਹਾਂ ਕੋਲ ਹਲਕੇ ਲਈ
ਕੁੱਝ ਵੀ ਨਹੀਂ ਹੈ।
ਕਾਂਗਰਸ ਪਾਰਟੀ ਵੱਲੋਂ ਅੱਜ ਮੁਹਾਲੀ ਸ਼ਹਿਰ ਵਿੱਚ ਫ਼ੇਜ਼ 3-5 ਦੇ ਚੌਕ ਤੇ ਫ਼ੇਜ਼ 7 ਵਿੱਚ
ਦਿੱਤੇ ਧਰਨਿਆਂ ਦੀ ਅਗਵਾਈ ਬਲਾਕ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ
ਨੇ ਕੀਤੀ, ਜਦੋਂ ਕਿ ਪਿੰਡ ਸਨੇਟਾ ਵਿੱਚ ਲਾਏ ਧਰਨੇ ਦੀ ਅਗਵਾਈ ਬਲਾਕ ਕਾਂਗਰਸ ਕਮੇਟੀ ਦਿਹਾਤੀ
ਦੇ ਪ੍ਰਧਾਨ ਮੋਹਨ ਸਿੰਘ ਬਠਲਾਣਾ ਨੇ ਕੀਤੀ। ਇਸ ਮੌਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ
ਜੈਨ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼
ਚੰਦ ਸ਼ਰਮਾ ਮੱਛਲੀ ਕਲਾਂ, ਜਿ਼ਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਕੰਵਰਬੀਰ ਸਿੰਘ
ਸਿੱਧੂ, ਅਮਰੀਕ ਸਿੰਘ ਸੋਮਲ, ਕੁਲਜੀਤ ਸਿੰਘ ਬੇਦੀ, ਜਸਵੀਰ ਸਿੰਘ ਮਣਕੂ, ਨਛੱਤਰ ਸਿੰਘ (ਸਾਰੇ
ਸਾਬਕਾ ਕੌਂਸਲਰ), ਜੀ.ਐਸ. ਰਿਆੜ, ਬਲਜੀਤ ਕੌਰ ਮੁਹਾਲੀ, ਰੁਪਿੰਦਰ ਕੌਰ ਰੀਨਾ, ਐਡਵੋਕੇਟ
ਨਰਪਿੰਦਰ ਸਿੰਘ ਰੰਗੀ, ਕੰਵਲਪ੍ਰੀਤ ਸਿੰਘ ਬਨੀ, ਗੁਰਸਾਹਿਬ ਸਿੰਘ, ਅਜਾਇਬ ਸਿੰਘ, ਬਲਾਕ
ਸਮਿਤੀ ਖਰੜ ਦੇ ਵਾਈਸ ਚੇਅਰਮੈਨ ਮਨਜੀਤ ਸਿੰਘ ਤੰਗੌਰੀ, ਬਲਾਕ ਸਮਿਤੀ ਖਰੜ ਦੀ ਚੇਅਰਪਰਸਨ
ਰਣਬੀਰ ਕੌਰ ਦੇ ਪਤੀ ਜ਼ੈਲਦਾਰ ਗੁਰਵਿੰਦਰ ਸਿੰਘ, ਭਗਤ ਰਾਮ ਸਰਪੰਚ ਸਨੇਟਾ, ਚੌਧਰੀ ਹਰਨੇਕ
ਸਿੰਘ ਨੇਕੀ ਸਨੇਟਾ, ਮੁਲਾਜ਼ਮ ਆਗੂ ਹਰਭਜਨ ਸਿੰਘ ਰਾਏਪੁਰ ਕਲਾਂ, ਪੰਡਤ ਭੁਪਿੰਦਰ ਕੁਮਾਰ
ਸਰਪੰਚ ਨਗਾਰੀ, ਚੌਧਰੀ ਰਿਸ਼ੀਪਾਲ ਸਨੇਟਾ, ਪਰਦੀਪ ਸੋਨੀ, ਪਰਮੋਦ ਮਿੱਤਰਾ, ਸੁਨੀਲ ਪਿੰਕਾ
ਅਤੇ ਨਵਨੀਤ ਸਿੰਘ ਤੋਖੀ ਹਾਜ਼ਰ ਸਨ।