ਕੇਂਦਰ ਸਰਕਾਰ ਕਿਸਾਨੀ ਮਸਲੇ ਦਾ ਤੁਰੰਤ ਢੁਕਵਾਂ ਹੱਲ ਕੱਢੇ : ਫੈਡਰੇਸ਼ਨ

ਚੰਡੀਗੜ੍ਹ, 9ਦਸੰਬਰ (ਵਿਸ਼ਵ ਵਾਰਤਾ)- ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਐਕਟਿੰਗ ਪ੍ਰਧਾਨ ਭਾਈ ਨਵਜੋਤ ਸਿੰਘ ਖਾਲਸਾ ਖਰੜ ਜਨਰਲ ਸਕੱਤਰ ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਤੇ ਕੁਲਦੀਪ ਸਿੰਘ ਪ੍ਰਧਾਨ ਮਜੀਠੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਕਿਸਾਨੀ ਸੰਘਰਸ਼ ਹੁਣ ਨਿਰਣਾਇਕ ਪੜਾਅ ਉਪਰ ਪਹੁੰਚ ਗਿਆ ਹੈ ਅਤੇ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਹੋ ਜਾਵੇ। ਓਹਨਾ ਕਿਹਾ ਕਿ ਕਿਸਾਨਾਂ ਦੁਆਰਾ ਅੰਦੋਲਨ ਦੌਰਾਨ ਜੋਸ਼ ਨਾਲ ਰੱਖਿਆ ਗਿਆ ਸੰਜਮ ਤੇ ਹੋਸ਼ ਬੇਹੱਦ ਸ਼ਲਾਘਾਯੋਗ ਹੈ । ਉਨਾਂ ਕਿਹਾ ਇਸ ਸ਼ਾਂਤਮਈ ਅੰਦੋਲਨ ਨੇ ਨਵੇਂ ਮਾਪਦੰਡ ਤਹਿ ਕੀਤੇ ਹਨ ਇਹ ਅੰਦੋਲਨ ਹੁਣ ਅੰਤਰਰਾਸ਼ਟਰੀ ਪੱਧਰ ਤੇ ਅੰਦੋਲਨਾਂ ਦਾ ਰਾਹ ਦਸੇਰਾ ਬਣ ਗਿਆ ਹੈ । ਨਾਲ ਹੀ ਓਹਨਾ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕਰਦਿਆਂ ਕਿਹਾ ਕਿ ਇਹ ਸੰਘਰਸ਼ ਕੇਵਲ ਕਿਰਸਾਨੀ ਨਾਲ ਜੁੜੇ ਲੋਕਾਂ ਦਾ ਮੁੱਦਾ ਹੈ ਨਾ ਕਿ ਕਿਸੇ ਖਾਸ ਜਾਤੀ, ਧਰਮ ਜਾਂ ਵਰਗ ਦਾ, ਇਸ ਲਈ ਇਸ ਵਿਚ ਕਿਰਸਾਨੀ ਮੁਦੇ ਤੋਂ ਇਲਾਵਾ ਹੋਰ ਕੋਈ ਵੀ ਕਿਸੇ GB ਤਰ੍ਹਾਂ ਦੀ ਬਿਆਨਬਾਜ਼ੀ ਅਤੇ ਨਾਅਰੇ ਲਾਉਣ ਤੋਂ ਗ਼ੁਰੇਜ਼ ਕੀਤਾ ਜਾਵੇ। ਉਹਨਾਂ ਕਿਸਾਨ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰਾਂ ਉਹਨਾਂ ਨੇ ਪਿੱਛਲੀਆ ਮੀਟਿੰਗਾਂ ਵਿੱਚ ਕੇਂਦਰ ਸਰਕਾਰ ਅੱਗੇ ਆਪਣਾ ਪੱਖ ਬਾਖ਼ੂਬੀ ਰੱਖਿਆ ਹੈ ਉਹ ਬਹੁਤ ਹੀ ਕਾਬਲੇ ਤਾਰੀਫ਼ ਹੈ। ਕਿਸਾਨੀ ਲੀਡਰਸ਼ਿਪ ਨੇ ਇਹ ਦਰਸਾ ਦਿੱਤਾ ਹੈ ਕਿ ਜੇਕਰ ਉਹ ਮੈਦਾਨ ਜੰਗ ਵਿੱਚ ਸ਼ਾਂਤਮਈ ਸੰਘਰਸ਼ ਕਰਨਾ ਜਾਣਦੇ ਹਨ ਤਾਂ ਉਹਨਾਂ ਹੀ ਉਹ ਟੇਬਲ ਤੇ ਸਰਕਾਰ ਨਾਲ ਗੱਲਬਾਤ ਕਰਨਾਂ ਵੀ ਬਾਖੂਬੀ ਜਾਣਦੇ ਹਨ ।ਓਹਨਾ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਬਿਲਕੁਲ ਜਾਇਜ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੇ ਕਿਉਂਕਿ ਸਰਕਾਰਾਂ ਦੇਸ਼ ਦੀ ਜਨਤਾ ਵਲੋਂ ਚੁਣੀਆਂ ਜਾਂਦੀਆਂ ਹਨ ਤੇ ਸਰਕਾਰਾਂ ਦਾ ਵੀ ਫਰਜ਼ ਹੈ ਕਿ ਉਹ ਵੀ ਆਪਣੀ ਜਨਤਾ ਦੇ ਹਿੱਤਾਂ ਦਾ ਖਿਆਲ ਰੱਖਣ। ਕਿਸਾਨ ਇਸ ਵੇਲੇ ਸੰਘਰਸ਼ ਦੇ ਦੌਰਾਨ ਹੱਡ ਚੀਰਵੀ ਠੰਡ ਵਿੱਚ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਹਨ ਅਤੇ ਦੇਸ਼ ਨੂੰ ਵੀ ਬਹੁਤ ਵਿੱਤੀ ਘਾਟਾ ਪੈ ਰਿਹਾ ਹੈ। ਓਹਨਾ ਅੱਗੇ ਕਿਹਾ ਕਿ ਇਸ ਵੇਲੇ ਦੇਸ਼ ਵਿਦੇਸ਼ ਦੇ ਲੋਕਾਂ ਦੀਆ ਨਜ਼ਰਾ ਕਿਸਾਨੀ ਸੰਘਰਸ਼ ਤੇ ਲੱਗੀਆਂ ਹੋਈਆਂ ਨੇ ਅਤੇ ਉਹ ਚਾਹੁੰਦੇ ਨੇ ਕੇ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਚੱਲ ਰਹੇ ਇਸ ਮਸਲੇ ਦਾ ਕੋਈ ਢੁਕਵਾਂ ਤੇ ਸੰਜੀਦਾ ਹੱਲ ਜਲਦੀ ਲੱਭਿਆਂ ਜਾਵੇ । ਜਿਸ ਨਾਲ ਕਿਸਾਨ ਖੁਸ਼ੀ ਖੁਸ਼ੀ ਵਾਪਸ ਆਪਣੇ ਘਰਾਂ ਨੂੰ ਪਰਤ ਜਾਣ ।




















