ਕੇਂਦਰ ਦੇ ਇਸ਼ਾਰੇ ‘ਤੇ ਹਰਿਆਣਾ ਸਰਕਾਰ ਕਿਸਾਨਾਂ ਉੱਤੇ ਜੁਲਮ ਕਰਨ ਤੋਂ ਬਾਜ ਆਵੇ – ਸ ਰਵੀਇੰਦਰ ਸਿੰਘ
ਸ਼ਰੋਮਣੀ ਅਕਾਲੀ ਦਲ 1920 ਦੇ ਪ੍ਰਧਾਨ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਤਾੜਨਾ ਕਰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਹੱਦਾਂ ਅੰਦਰ ਸ਼ਾਂਤਮਈ ਧਰਨੇ ਤੇ ਬੈਠੇ ਕਿਸਾਨਾਂ ਉਤੇ ਹਰਿਆਣਾ ਸਰਕਾਰ ਜਿਸ ਤਰਾਂ ਗੋਲੀਆਂ ਅਤੇ ਬੰਬ ਬਰਸਾ ਰਹੀ ਹੈ, ਉਹ ਜੁਲਮ ਦੀ ਇੰਤਹਾ ਹੀ ਕਹੀ ਜਾ ਸਕਦੀ ਹੈ। ਹਰਿਆਣਾ ਸਰਕਾਰ ਨੇ ਆਪਣੇ ਬਾਰਡਰਾਂ ਉਤੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਕਿਸਾਨ ਅਜੇ ਪੰਜਾਬ ਵਿੱਚ ਹੀ ਹਨ। ਫਿਰ ਵੀ ਹਰਿਆਣਾ ਸਰਕਾਰਾ ਡ੍ਰੋਨ ਨਾਲ ਉਹਨਾਂ ਉਤੇ ਅੱਥਰੂ ਗੈਸ ਦੇ ਗੋਲੇ ਸੁਟ ਰਹੀ ਹੈ ਅਤੇ ਰਬੜ ਦੀਆਂ ਗੋਲੀਆਂ ਮਾਰ ਰਹੀ ਹੈ। ਕੱਲ ਹਰਿਆਣਾ ਪੁਲਸ ਨੇ ਖਨੌਰੀ ਬਾਰਡਰ ‘ਤੇ ਪੰਜਾਬ ਵਿੱਚ ਆਣ ਕੇ ਜਿਸ ਤਰਾਂ ਇਕ ਨੌਜਵਾਨ ਨੂੰ ਕਤਲ ਕੀਤਾ ਅਤੇ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਸਮਾਨ ਦੀ ਤੋੜ ਭੰਨ ਕੀਤੀ ਹੈ, ਉਸ ਤੋਂ ਸਾਫ ਪਤਾ ਲੱਗਦਾ ਹੈ ਕਿ ਹਰਿਆਣਾ ਪੁਲੀਸ ਦਾ ਮਕਸਦ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਨਹੀਂ ਸਗੋਂ ਪੂਰਾ ਸਬਕ ਸਿਖਾਉਣਾ ਹੈ, ਤਾਂ ਜੋ ਉਹ ਹਰਿਆਣਾ ਵੱਲ ਮੂੰਹ ਨਾ ਕਰਨ। ਹਰਿਆਣਾ ਵਿੱਚ ਭਾਵੇਂ ਕਾਗਰਸੀ ਭਜਨ ਲਾਲ ਦੀ ਸਰਕਾਰ ਹੋਵੇ ਜਾਂ ਭਾਜਪਾਈ ਮਨੋਹਰ ਲਾਲ ਖੱਟਰ ਦੀ, ਕੇਂਦਰ ਦੇ ਮੋਰੇ ‘ਲਾਲ’ ਪੰਜਾਬੀਆਂ ਉਤੇ ਜੁਲਮ ਢਾਹੁਣ ਦੀ ਕੋਈ ਕਸਰ ਨਹੀਂ ਛੱਡਦੇ। 1982 ਵਿੱਚ ਭਜਨ ਲਾਲ ਦੀ ਸਰਕਾਰ ਨੇ ਜਿਸ ਤਰਾਂ ਬੱਸਾਂ ਗੱਡੀਆਂ ਵਿੱਚੋਂ ਕੱਢ-ਕੱਢ ਕੇ ਜਲੀਲ ਕੀਤਾ ਸੀ। ਉਸ ਤੋਂ ਵੀ ਅੱਗੇ ਜਾ ਕੇ ਖੱਟਰ ਸਰਕਾਰ ਨੇ ਤਾਂ ਪੰਜਾਬੀਆਂ ਦਾ ਲਾਘਾਂ ਬੰਦ ਕਰਨ ਲਈ ਹੱਦਾਂ ਉਤੇ ਕੰਕਰੀਟ ਦੀਆਂ ਕੰਧਾਂ ਹੀ ਉਸਾਰ ਦਿੱਤੀਆਂ ਹਨ। ਅਤੇ ਇਹਨਾਂ ਕੰਧਾਂ ਤੋਂ ਪਾਰ ਆ ਕੇ ਉਹ ਪੰਜਾਬ ਵਿੱਚ ਕਿਸਾਨਾਂ ਤੇ ਹਮਲੇ ਕਰ ਰਹੇ ਹਨ। ਜਿਸ ਨਾਲ ਸੈਂਕੜੇ ਕਿਸਾਨ ਜਖਮੀ ਹੋਏ ਹਨ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਇਕ ਹੀ ਦੇਸ਼ ਦੇ ਵਾਸੀ ਹਾਂ, ਜਿਸ ਦੀ ਰਾਜਧਾਨੀ ਦਿੱਲੀ ਹੈ। ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੀ ਦਿੱਲੀ ਵਿੱਚ ਬੈਠ ਕੇ ਸਤਾ ਸੁਖ ਮਾਣਦੀ ਹੈ। ਜੇ ਲੋਕਾਂ ਨੂੰ ਉਸ ਚੁਣੀ ਹੋਈ ਸਰਕਾਰ ਤੋਂ ਕੋਈ ਤਕਲੀਫ ਹੈ ਤਾਂ ਉਸ ਨੂੰ ਚੁਣਨ ਵਾਲੇ ਲੋਕਾਂ ਦਾ ਇਹ ਸੰਵਿਧਾਨਕ ਹੱਕ ਹੈ ਕਿ ਉਹ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਸਕਣ। ਕੋਈ ਵੀ ਰਾਜ ਸਰਕਾਰ ਦੂਜੇ ਰਾਜ ਦੇ ਲੋਕਾਂ ਨੂੰ ਤਸ਼ੱਦਦ ਨਾਲ ਇਸ ਹੱਕ ਤੋਂ ਵਾਂਝੇ ਨਹੀ ਕਰ ਸਕਦੀ। ਜਿਸ ਤਰਾਂ ਹਰਿਆਣਾ ਸਰਕਾਰ ਕਰ ਰਹੀ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਆਪਣੇ ਲੋਕਾਂ ਦੀ ਵਾੜ ਹੁੰਦੀਆ ਹਨ। ਪਰ ਕਿਸਾਨਾਂ ਨਾਲ ਹੋ ਰਹੇ ਇਸ ਧੱਕੇ ਖਿਲਾਫ ਅਜੇ ਤੱਕ ਪੰਜਾਬ ਦੀ ਹਿਤਾਇਸ਼ੀ ਕਹਾਉਣ ਵਾਲੀ ਕੋਈ ਵੀ ਪਾਰਟੀ ਅੱਗੇ ਨਹੀ ਆਈ। ਰਾਜਨੀਤਕ ਪਾਰਟੀਆਂ ਸਿਰਫ ਸਤਾ ਸੁਖ ਭੋਗਣ ਲਈ ਨਹੀਂ ਹੁੰਦੀਆਂ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਲੋਕ ਉਹਨਾਂ ਨੂੰ ਇਸ ਲਈ ਰਾਜ ਭਾਗ ਸੌਂਪਦੇ ਹਨ ਤਾਂ ਜੋ ਲੋੜ ਪੈਣ ਉਤੇ ਉਹ ਲੋਕਾਂ ਦੇ ਨਾਲ ਖੜਨ ਅਤੇ ਉਹਨਾਂ ਦੇ ਮਸਲੇ ਹੱਲ ਕਰਵਾਉਣ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਤੌਰ ‘ਤੇ ਜਲਦ ਹੀ ਹਮਖਿਆਲ ਧਿਰਾਂ ਨੂੰ ਇਕੱਠਾ ਕਰਕੇ ਕਿਸਾਨ ਸੰਘਰਸ਼ ਲਈ ਆਪਣਾ ਯੋਗਦਾਨ ਦੇਣਗੇ। ਖਨੌਰੀ ਹੱਦ ਤੇ ਸ਼ਹੀਦ ਹੋਣ ਵਾਲੇ ਨੌਜਵਾਨ ਨੂੰ ਉਹਨਾਂ ਨੇ ਭਰਪੂਰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਸ ਤਰਾਂ ਸਰਕਾਰ ਵੱਲੋਂ ਕਿਸੇ ਨੂੰ ਕਤਲ ਕਰ ਦਿੱਤਾ ਜਾਣਾ ਬਹੁਤ ਹੀ ਘਿਨਾਉਣਾ ਅਤੇ ਨਿੰਦਾਯੋਗ ਹੈ।